ਅਮਰੀਕਾ ''ਚ ਕੋਰੋਨਾ ਅਤੇ ਕੁਦਰਤੀ ਆਫਤਾਂ ਕਾਰਨ ਗੈਰ-ਕਾਨੂੰਨੀ ਬਾਰਡਰ ਲਾਂਘੇ ''ਚ ਹੋਇਆ ਵਾਧਾ
Thursday, Nov 04, 2021 - 01:04 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਕੁਦਰਤੀ ਆਫਤਾਂ ਕਾਰਨ ਹੋਰਾਂ ਦੇਸ਼ਾਂ ਤੋਂ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਦਰਜ਼ ਕੀਤਾ ਗਿਆ ਹੈ। ਅੰਕੜਿਆਂ ਅਨੁਸਾਰ ਤਕਰੀਬਨ 1.7 ਮਿਲੀਅਨ ਪ੍ਰਵਾਸੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਮਹਾਮਾਰੀ ਨਾਲ ਤਬਾਹ ਹੋਏ ਦੇਸ਼ਾਂ ਨਾਲ ਸਬੰਧਿਤ ਸਨ, ਨੂੰ ਪਿਛਲੇ 12 ਮਹੀਨਿਆਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਲਈ ਦਰਜ਼ ਕੀਤਾ ਗਿਆ ਹੈ। ਇਹ ਗਿਣਤੀ 1960 ਤੋਂ ਬਾਅਦ ਦੀ ਸਭ ਤੋਂ ਵੱਧ ਗੈਰ-ਕਾਨੂੰਨੀ ਕ੍ਰਾਸਿੰਗ ਰਿਕਾਰਡ ਦੀ ਗਿਣਤੀ ਹੈ। ਇਨ੍ਹਾਂ ਅੰਕੜਿਆਂ ਅਨੁਸਾਰ 30 ਸਤੰਬਰ ਨੂੰ ਖ਼ਤਮ ਹੋਏ ਵਿੱਤੀ ਸਾਲ ਵਿੱਚ ਇਕੱਲੇ ਬਾਲਗ ਵਿਅਕਤੀਆਂ ਦੀ ਗਿਣਤੀ ਸਭ ਤੋਂ ਵੱਧ 1.1 ਮਿਲੀਅਨ ਜਾਂ ਸਾਰੇ ਗੈਰ-ਕਾਨੂੰਨੀ ਪ੍ਰਵਾਸੀਆਂ ਦਾ 64 ਫੀਸਦੀ ਦਰਜ਼ ਹੋਈ ਹੈ।
ਇਸਦੇ ਨਾਲ ਹੀ ਵੱਡੀ ਗਿਣਤੀ ਵਿੱਚ ਪ੍ਰਵਾਸੀ ਪਰਿਵਾਰ ਵੀ ਸ਼ਾਮਲ ਹਨ ਜਿਨ੍ਹਾਂ ਦੀ ਗਿਣਤੀ 4,79,000 ਤੋਂ ਵੱਧ ਹੈ। ਇਸਦੇ ਨਾਲ ਹੀ ਬਾਰਡਰ ਏਜੰਟਾਂ ਨੇ ਤਕਰੀਬਨ 1,47,000 ਇਕੱਲੇ ਬੱਚਿਆਂ ਦਾ ਸਾਹਮਣਾ ਵੀ ਸਰਹੱਦ 'ਤੇ ਕੀਤਾ ਹੈ। ਇਨ੍ਹਾਂ ਗੈਰ-ਕਾਨੂੰਨੀ ਲਾਂਘਿਆ ਵਿੱਚ ਦੁਨੀਆ ਭਰ ਤੋਂ ਲੋਕ ਸ਼ਾਮਲ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਆਰਥਿਕ ਮੌਕੇ ਦੀ ਭਾਲ ਕਰ ਰਹੇ ਹਨ ਕਿਉਂਕਿ ਕੋਰੋਨਾ ਵਾਇਰਸ ਮਹਾਮਾਰੀ ਨੇ ਲੱਖਾਂ ਲੋਕਾਂ ਨੂੰ ਨੌਕਰੀ ਤੋਂ ਵਾਂਝੇ ਕਰ ਦਿੱਤਾ ਹੈ। ਅਮਰੀਕੀ ਬਾਰਡਰ ਏਜੰਟਾਂ ਨੇ ਏਸ਼ੀਆ, ਅਫਰੀਕਾ ਅਤੇ ਲੇਟਿਨ ਅਮਰੀਕਾ ਦੇ 160 ਤੋਂ ਵੱਧ ਦੇਸ਼ਾਂ ਦੇ ਲੋਕਾਂ ਨੂੰ ਫੜਿਆ ਹੈ ਜਿਸ ਵਿੱਚ ਮੈਕਸੀਕੋ ਅਤੇ ਹੈਤੀ ਦੇ ਲੋਕਾਂ ਦਾ ਸਭ ਤੋਂ ਵੱਡਾ ਹਿੱਸਾ ਹੈ। ਮਹਾਮਾਰੀ ਤੋਂ ਇਲਾਵਾ, ਕੁਦਰਤੀ ਆਫਤਾਂ ਜਿਵੇਂ ਕਿ ਤੂਫਾਨਾਂ ਨੇ ਵੀ ਪ੍ਰਵਾਸੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਲਈ ਮਜ਼ਬੂਰ ਕੀਤਾ ਹੈ। ਤੂਫਾਨਾਂ ਨੇ ਗੁਆਟੇਮਾਲਾ, ਹੈਤੀ ਅਤੇ ਹੌਂਡੂਰਸ ਵਿੱਚ ਰੋਜ਼ੀ-ਰੋਟੀ ਅਤੇ ਘਰਾਂ ਨੂੰ ਤਬਾਹ ਕਰ ਦਿੱਤਾ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੇ ਅਮਰੀਕਾ ਵੱਲ ਕੂਚ ਕੀਤਾ। ਪ੍ਰਵਾਸੀਆਂ ਦੇ ਲਗਾਤਾਰ ਵਾਧੇ ਕਾਰਨ ਸਰਹੱਦ ਦੇ ਨਾਲ-ਨਾਲ ਪ੍ਰੋਸੈਸਿੰਗ ਸੈਂਟਰਾਂ 'ਤੇ ਭੀੜ ਨੂੰ ਵਧਾਇਆ ਹੈ। ਜਿਸ ਨੇ ਪ੍ਰਸ਼ਾਸਨ ਲਈ ਸਮੱਸਿਆਵਾਂ ਵਿੱਚ ਵਾਧਾ ਕੀਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।