ਈਰਾਨ ’ਚ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਹੋਏ ਮੱਠੇ
Friday, Jan 16, 2026 - 04:19 PM (IST)
ਦੁਬਈ : ਈਰਾਨ ਦੀ ਇਸਲਾਮਿਕ ਸੱਤਾ ਨੂੰ ਚੁਣੌਤੀ ਦੇਣ ਵਾਲੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਵੀਰਵਾਰ ਨੂੰ ਹੌਲੀ-ਹੌਲੀ ਸ਼ਾਂਤ ਹੁੰਦੇ ਨਜ਼ਰ ਆਏ। ਇਕ ਹਫ਼ਤਾ ਪਹਿਲਾਂ ਹੀ ਅਧਿਕਾਰੀਆਂ ਨੇ ਦੇਸ਼ ਨੂੰ ਦੁਨੀਆ ਤੋਂ ਅਲੱਗ-ਥਲੱਗ ਕਰ ਦਿੱਤਾ ਸੀ ਅਤੇ ਆਪਣੀ ਦਮਨਕਾਰੀ ਕਾਰਵਾਈ ਨੂੰ ਤੇਜ਼ ਕੀਤਾ ਸੀ। ਕਾਰਕੁਨਾਂ ਦਾ ਕਹਿਣਾ ਹੈ ਕਿ ਇਸ ਦਮਨਕਾਰੀ ਕਾਰਵਾਈ ਵਿਚ ਘੱਟੋ-ਘੱਟ 3400 ਲੋਕ ਮਾਰੇ ਗਏ ਹਨ। ਈਰਾਨ ਦੀ ਰਾਜਧਾਨੀ ਤਹਿਰਾਨ ਵਿਚ ਚਸ਼ਮਦੀਦਾਂ ਅਨੁਸਾਰ, ਪਿਛਲੇ ਇਕ-ਦੋ ਦਿਨਾਂ ਤੋਂ ਸਵੇਰੇ ਦੇ ਸਮੇਂ ਰਾਤ ਦੌਰਾਨ ਲਾਈ ਗਈ ਅੱਗ ਦੇ ਕੋਈ ਨਿਸ਼ਾਨ ਜਾਂ ਸੜਕਾਂ ’ਤੇ ਕਿਸੇ ਕਿਸਮ ਦਾ ਕੋਈ ਮਲਬਾ ਨਹੀਂ ਦਿਖਾਈ ਦਿੱਤਾ। ਉਨ੍ਹਾਂ ਦੱਸਿਆ ਕਿ ਕਈ ਰਾਤਾਂ ਤੋਂ ਜਾਰੀ ਗੋਲੀਬਾਰੀ ਦੀਆਂ ਤੇਜ਼ ਆਵਾਜ਼ਾਂ ਹੁਣ ਮੱਠੀਆਂ ਪੈ ਗਈਆਂ ਹਨ।
ਇਸ ਦੌਰਾਨ, ਈਰਾਨ ਦੇ ਸਰਕਾਰੀ ਮੀਡੀਆ ਨੇ ਅਧਿਕਾਰੀਆਂ ਵੱਲੋਂ ਇਕ ਤੋਂ ਬਾਅਦ ਇਕ ਕੀਤੀਆਂ ਜਾ ਰਹੀਆਂ ਗ੍ਰਿਫ਼ਤਾਰੀਆਂ ਦਾ ਐਲਾਨ ਕੀਤਾ। ਮੀਡੀਆ ਅਨੁਸਾਰ, ਇਨ੍ਹਾਂ ਗ੍ਰਿਫ਼ਤਾਰੀਆਂ ਰਾਹੀਂ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਈਰਾਨੀ ਅਧਿਕਾਰੀ ‘ਅੱਤਵਾਦੀ’ ਕਹਿੰਦੇ ਹਨ ਅਤੇ ਨਾਲ ਹੀ ਉਹ ਸਟਾਰਲਿੰਕ ਸੈਟੇਲਾਈਟ ਇੰਟਰਨੈੱਟ ਡਿਸ਼ਾਂ ਦੀ ਵੀ ਭਾਲ ਕਰ ਰਹੇ ਹਨ, ਜੋ ਫਿਲਹਾਲ ਵੀਡੀਓਜ਼ ਅਤੇ ਤਸਵੀਰਾਂ ਇੰਟਰਨੈੱਟ ’ਤੇ ਪਾਉਣ ਦਾ ਇਕੋ-ਇਕ ਜ਼ਰੀਆ ਹਨ।
