ਨੱਕ ਰਾਹੀਂ ਕੋਰੋਨਾ ਦਵਾਈ ਦੇਣ ਦੀ ਤਿਆਰੀ, ਜਾਣੋ ਕਿਵੇਂ ਕਰੇਗੀ ਕੰਮ
Monday, Sep 28, 2020 - 01:36 PM (IST)

ਟੋਰਾਂਟੋ- ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੇ ਨਾਲ ਹੀ ਟੀਕੇ ਦੀ ਜ਼ਰੂਰਤ ਵੱਧਦੀ ਜਾ ਰਹੀ ਹੈ। ਵੱਖ-ਵੱਖ ਦੇਸ਼ਾਂ ਵਿਚ 300 ਤੋਂ ਜ਼ਿਆਦਾ ਟੀਕੇ ਤਿਆਰ ਹੋ ਰਹੇ ਹਨ। ਇਨ੍ਹਾਂ ਵਿਚੋ ਵਧੇਰੇ ਇੰਜੈਕਸ਼ਨ ਦੀ ਸ਼ਕਲ ਵਿਚ ਦਿੱਤੇ ਜਾਣ ਵਾਲੇ ਹਨ ਜਦਕਿ ਕੁਝ ਨੂੰ ਨੱਕ ਰਾਹੀਂ ਦੇਣ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ। ਇਨ੍ਹਾਂ ਨੂੰ ਨੇਜ਼ਲ ਦਾਂ ਇੰਟਰਾਨੇਜਲ ਵੈਕਸੀਨ ਕਿਹਾ ਜਾਂਦਾ ਹੈ।
ਕੋਰੋਨਾ ਅਕਸਰ ਨੱਕ ਰਾਹੀਂ ਮਨੁੱਖੀ ਸਰੀਰ ਵਿਚ ਦਾਖਲ ਹੁੰਦਾ ਹੈ। ਵਿਗਿਆਨੀਆਂ ਦਾ ਤਰਕ ਹੈ ਕਿ ਜਿਨ੍ਹਾਂ ਟਿਸ਼ੂਆਂ ਨਾਲ ਪੈਥਾਜੇਨ ਦਾ ਸਾਹਮਣਾ ਹੋਵੇਗਾ, ਉਨ੍ਹਾਂ ਟਿਸ਼ੂਆਂ ਵਿਚ ਇਮਿਊਨ ਰੈਸਪਾਂਸ ਟ੍ਰਿਗਰ ਕਰਨਾ ਅਸਰਦਾਰ ਹੋ ਸਕਦਾ ਹੈ। ਦੂਜਾ ਤਰਕ ਜੋ ਨੇਜ਼ਲ ਸਪ੍ਰੇਅ ਦੇ ਪੱਖ ਵਿਚ ਦਿੱਤਾ ਜਾਂਦਾ ਹੈ ਕਿ ਇੰਨੀ ਵੱਡੀ ਆਬਾਦੀ ਵਿਚ ਬਹੁਤੇ ਲੋਕਾਂ ਨੂੰ ਟੀਕਾ ਲਗਵਾਉਣ ਤੋਂ ਡਰ ਲੱਗਦਾ ਹੈ।
ਚੂਹਿਆਂ ਦੇ ਇਕ ਗਰੁੱਪ 'ਤੇ ਇਸ ਦਾ ਪ੍ਰੀਖਣ ਕੀਤਾ ਗਿਆ। ਜਿਨ੍ਹਾਂ ਨੂੰ ਨੱਕ ਰਾਹੀਂ ਇਹ ਦਵਾਈ ਦਿੱਤੀ ਗਈ, ਉਨ੍ਹਾਂ ਦੇ ਫੇਫੜਿਆਂ ਵਿਚ ਬਹੁਤ ਘੱਟ ਵਾਇਰਲ ਆਰ. ਐੱਨ. ਏ. ਬਚਿਆ ਸੀ ਜਦਕਿ ਜਿਨ੍ਹਾਂ ਨੂੰ ਸੂਈ ਨਾਲ ਟੀਕਾ ਲਾਇਆ ਗਿਆ, ਉਨ੍ਹਾਂ ਵਿਚ ਵਾਇਰਲ ਆਰ. ਐੱਨ. ਏ. ਕਾਫੀ ਜ਼ਿਆਦਾ ਮਾਤਰਾ ਵਿਚ ਬਚਿਆ ਸੀ। ਨੇਜ਼ਲ ਵੈਕਸੀਨ ਮਨੁੱਖ ਦੇ ਇਮਿਊਨ ਸਿਸਟਮ ਨੂੰ ਖੂਨ ਵਿਚ ਅਤੇ ਨੱਕ ਵਿਚ ਪ੍ਰੋਟੀਨਜ਼ ਬਣਾਉਣ ਲਈ ਮਜਬੂਰ ਕਰਦੀ ਹੈ ਜੋ ਵਾਇਰਸ ਨਾਲ ਲੜਦੇ ਹਨ। ਇਸ ਵਿਚ ਸੂਈ ਨਹੀਂ ਹੁੰਦੀ ਤੇ ਇਕ ਸਪ੍ਰੇਅ ਵਾਂਗ ਹੁੰਦੀ ਹੈ।