ਡੋਨਾਲਡ ਟਰੰਪ ਤੇ ਨਰਿੰਦਰ ਮੋਦੀ ਦੀ ਦੋਸਤੀ ਤੋਂ ਬਹੁਤ ਕੁਝ ਹਾਸਲ ਕਰਨਾ ਹੈ : ਨਿਕੀ ਹੇਲੀ

02/24/2020 7:46:49 PM

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਪਰਿਵਾਰ ਅਤੇ ਅਧਿਕਾਰੀਆਂ ਸਣੇ ਭਾਰਤ ਦੇ ਦੋ ਦਿਨ ਦੌਰੇ 'ਤੇ ਹਨ। ਉਨ੍ਹਾਂ ਦੇ ਭਾਰਤ ਦੇ ਇਸ ਪਹਿਲੇ ਦੌਰੇ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅਮਰੀਕਾ ਦੀ ਸੀਨੀਅਰ ਡਿਪਲੋਮੈਟਿਕ ਨਿੱਕੀ ਹੇਲੀ ਨੇ ਕਿਹਾ ਹੈ ਕਿ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋਸਤੀ ਤੋਂ ਬਹੁਤ ਕੁਝ ਹਾਸਲ ਕਰਨਾ ਹੈ। ਰੀਪਬਲੀਕਨ ਪਾਰਟੀ ਦੀ ਸੀਨੀਅਰ ਨੇਤਾ ਹੇਲੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਟਰੰਪ ਅਤੇ ਪਹਿਲੀ ਮਹਿਲਾ ਮੇਲਾਨੀਆ ਦੇ ਭਾਰਤ ਦੌਰੇ 'ਤੇ ਮਾਣ ਹੈ। ਨਿੱਕੀ ਹੇਲੀ ਟਰੰਪ ਪ੍ਰਸ਼ਾਸਨ ਦੇ ਪਹਿਲੇ ਦੋ ਸਾਲ ਦੇ ਦੌਰਾਨ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਸੀ। ਉਹ ਅਮਰੀਕੀ ਪ੍ਰਸ਼ਾਸਨ ਵਿਚ ਕੈਬਨਿਟ ਮੰਤਰੀ ਦਾ ਦਰਜਾ ਹਾਸਲ ਕਰਨ ਵਾਲੀ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਹੈ। ਸਾਊਥ ਕੈਰੋਲੀਨਾ ਦੀ ਸਾਬਕਾ ਗਵਰਨਰ ਹੇਲੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਹਨ ਅਤੇ ਦੋਵੇਂ ਕਈ ਮੁੱਲਾਂ ਨੂੰ ਸਾਂਝਾ ਕਰਦੇ ਹਨ।

ਵ੍ਹਾਈਟ ਹਾਊਸ ਦੇ ਸਾਬਕਾ ਅਧਿਕਾਰੀ ਪੀਟਰ ਲਾਵਾਏ ਨੇ ਕਿਹਾ ਕਿ ਮੋਦੀ ਟਰੰਪ ਸ਼ਿਖਰ ਸੰਮੇਲਨ ਅਹਿਮ ਹੋਵੇਗਾ ਕਿਉਂਕਿ ਸੁਰੱਖਿਆ ਸਬੰਧ ਹੋਰ ਮਜ਼ਬੂਤ ਹੋਣਗੇ। ਇਸ ਦੌਰਾਨ ਕਸ਼ਮੀਰ ਮੁੱਦੇ ਨੂੰ ਟਾਲ ਦਿੱਤਾ ਜਾਵੇਗਾ, ਅਫਗਾਨਿਸਤਾਨ ਨੂੰ ਲੈ ਕੇ ਉਚਿਤ ਪ੍ਰਬੰਧ ਕੀਤਾ ਜਾਵੇਗਾ, ਵਪਾਰ ਮਤਭੇਦਾਂ ਨੂੰ ਘੱਟ ਕੀਤਾ ਜਾਵੇਗਾ, ਊਰਜਾ ਸਬੰਧਾਂ ਨੂੰ ਵਧਾਇਆ ਜਾਵੇਗਾ ਅਤੇ ਰੱਖਿਆ ਸੌਦੇ ਹੋਣਗੇ। ਨਿਊਯਾਰਕ ਦੇ ਵਕੀਲ ਰਵੀ ਬੱਤਰਾ ਨੇ ਕਿਹਾ ਹੈ ਕਿ ਸਾਰੇ ਅਮਰੀਕੀਆਂ ਨੇ 1.3 ਅਰਬ ਭਾਰਤੀਆਂ ਨੂੰ ਗਰਮਜੋਸ਼ੀ ਨਾਲ ਗਲੇ ਲਗਾਉਣ ਅਤੇ ਅਮਰੀਕਾ ਨੂੰ ਮਨਾਉਂਦੇ ਦੇਖਿਆ ਹੈ। ਬੱਤਰਾ ਨੇ ਭਾਰਤ ਤੋਂ ਹਾਰਲੇ ਡੇਵਿਡਸਨ ਸੁਪਰ ਬਾਈਕ 'ਤੇ ਇੰਪੋਰਟ ਡਿਊਟੀ ਨੂੰ ਸਿਫਰ ਫੀਸਦੀ ਤੱਕ ਘੱਟ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਅਮਰੀਕਾ ਭਾਰਤ ਦੇ ਇੰਟੇਲ ਅਤੇ ਬਾਇਓਮੈਟ੍ਰਿਕਸ ਡੇਟਾਬੇਸ ਨੂੰ ਆਪਣੇ ਦੇਸ਼ ਦੀ ਸੁਰੱਖਿਆ, ਰੱਖਿਆ ਵਿਭਾਗ ਅਤੇ ਕਾਨੂੰਨ ਵਿਭਾਗ ਦੇ ਨਾਲ ਸਾਂਝੇ ਤੌਰ 'ਤੇ ਅੱਤਵਾਦ ਨਾਲ ਲੜਣ ਅਤੇ ਹਰਾਉਣ ਲਈ ਸਾਂਝਾ ਕਰਦਾ ਹੈ ਅਤੇ ਭਾਰਤ ਨੇ ਐਚ.ਆਈ.ਬੀ. ਵੀਜ਼ਾ ਦੀ ਵੱਧੀ ਗਿਣਤੀ ਲਈ ਆਪਣੇ ਮਜ਼ਦੂਰਾਂ ਦੇ ਸਮਾਜਿਕ ਸੁਰੱਖਿਆ ਯੋਗਦਾਨ ਦੀ ਅਦਲਾ-ਬਦਲੀ ਕੀਤੀ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਸਟੇਫਨੀ ਗ੍ਰਿਸ਼ਮ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪਹਿਲੇ ਮਹਿਲਾ ਮੇਲਾਨੀਆ ਦੀ ਭਾਰਤ ਯਾਤਰਾ ਦਾ ਟੀਚਾ ਦੋਹਾਂ ਦੇਸ਼ਾਂ ਦੇ ਰਣਨੀਤਕ ਹਿੱਤਾਂ ਅਤੇ ਸਾਂਝੀਆਂ ਕੀਮਤਾਂ ਨੂੰ ਹੋਰ ਮਜ਼ਬੂਤੀ ਦੇਣਾ ਹੈ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਟਰੰਪ ਦੀ ਯਾਤਰਾ ਦੋਹਾਂ ਦੇਸ਼ਾਂ ਵਿਚਾਲੇ ਮਜ਼ਬੂਤ ਅਤੇ ਸਥਾਈ ਸਬੰਧਾਂ ਨੂੰ ਦਰਸ਼ਾਉਂਦੀ ਹੈ। ਉਨ੍ਹਾਂ ਨੇ ਟਵੀਟ ਦੇ ਆਖਿਰ ਵਿਚ ਨਮਸਤੇ ਟਰੰਪ ਲਿਖਿਆ ਹੈ, ਜੋ ਅਮਰੀਕੀ ਰਾਸ਼ਟਰਪਤੀ ਦੇ ਭਾਰਤ ਵਿਚ ਸਵਾਗਤ ਸਮਾਰੋਹ ਦੀ ਥੀਮ ਹੈ।

ਰਾਸ਼ਟਰਪਤੀ ਟਰੰਪ ਦੇ ਨਾਲ ਅਮਰੀਕਾ ਦੇ ਸੰਘੀ ਸੰਚਾਰ ਕਮਿਸ਼ਨ ਦੇ ਚੇਅਰਮੈਨ ਅਜੀਤ ਪਈ ਵੀ ਆਏ ਹਨ। ਭਾਰਤੀ ਮੂਲ ਦੇ ਪਈ ਦੇ ਮਾਤਾ-ਪਿਤਾ ਪੰਜ ਦਹਾਕੇ ਪਹਿਲਾਂ ਅਮਰੀਕਾ ਗਏ ਸਨ। ਪਈ ਨੇ ਇਕ ਭਾਵਨਾਤਮਕ ਸੰਦੇਸ਼ ਵਿਚ ਕਿਹਾ ਹੈ ਕਿ ਅੱਜ ਜੇਕਰ ਉਨ੍ਹਾਂ ਨੇ ਮਾਤਾ-ਪਿਤਾ ਜੀਉਂਦੇ ਹੁੰਦੇ ਤਾਂ ਆਪਣੀ ਅਗਲੀ ਪੀੜ੍ਹੀ ਨੂੰ ਅਮਰੀਕੀ ਰਾਸ਼ਟਰਪਤੀ ਦੇ ਨਾਲ ਭਾਰਤ ਦੀ ਯਾਤਰਾ ਕਰਦੇ ਦੇਖ ਬਹੁਤ ਖੁਸ਼ ਹੁੰਦੇ। ਟਰੰਪ ਦੇ ਨਾਲ ਭਾਰਤੀ ਮੂਲ ਦੇ ਕੇਸ਼ ਪਟੇਲ ਵੀ ਆਏ ਹਨ, ਜੋ ਰਾਸ਼ਟਰਪਤੀ ਦੇ ਵਿਸ਼ੇਸ਼ ਸਹਾਇਕ ਅਤੇ ਅੱਤਵਾਦ-ਰੋਧੀ ਵਿਭਾਗ ਵਿਚ ਸੀਨੀਅਰ ਡਾਇਰੈਕਟਰ ਹਨ। ਵਿਦੇਸ਼ੀ ਮਾਮਲਿਆਂ ਦੇ ਜਾਣਕਾਰ ਰਿਚਰਡ ਰੋਸੋਵ ਮੁਤਾਬਕ ਟਰੰਪ ਦੀ ਯਾਤਰਾ ਤੋਂ ਬਾਅਦ ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕ ਉਨ੍ਹਾਂ ਦੇ ਚੋਣ ਚੰਦੇ ਦੇ ਵੱਡੇ ਸਰੋਤ ਹੋ ਸਕਦੇ ਹਨ। ਟਰੰਪ ਦੀ ਪਾਰਟੀ ਚੋਣ ਚੰਦੇ ਲਈ ਭਾਰਤੀਆਂ ਦੀ ਮਦਦ ਲੈ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿਚ ਭਾਰਤੀ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਉਨ੍ਹਾਂ ਦੀ ਗਿਣਤੀ ਲਗਭਗ 40 ਲੱਖ ਹੈ ਅਤੇ ਉਨ੍ਹਾਂ ਦਾ ਚੰਗਾ-ਖਾਸਾ ਪ੍ਰਭਾਵ ਹੈ।


Sunny Mehra

Content Editor

Related News