ਸਾਊਥਾਲ 'ਚ 8 ਅਪ੍ਰੈਲ ਅਤੇ ਸਲੋਹ ਵਿਖੇ 22 ਅਪ੍ਰੈਲ ਨੂੰ ਸਜਾਏ ਜਾਣਗੇ ਨਗਰ ਕੀਰਤਨ

03/28/2018 3:28:36 PM

ਲੰਡਨ, (ਰਾਜਵੀਰ ਸਮਰਾ)— ਇੰਗਲੈਂਡ ਦੇ ਸਾਊਥਹਾਲ ਅਤੇ ਸਲੋਹ ਵਿਖੇ ਨਗਰ ਕੀਰਤਨ ਸਜਾਏ ਜਾਣਗੇ। ਖ਼ਾਲਸਾ ਸਾਜਨਾ ਦਿਵਸ ਵਿਸਾਖੀ ਅਤੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਲੰਡਨ ਦੇ ਸ਼ਹਿਰ ਸਾਊਥਾਲ ਵਿੱਚ ਨਗਰ ਕੀਰਤਨ 8 ਅਪ੍ਰੈਲ ਨੂੰ ਸਜਾਇਆ ਜਾਵੇਗਾ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ।
ਸਲੋਹ 'ਚ 22 ਅਪ੍ਰੈਲ ਨੂੰ ਨਗਰ ਕੀਰਤਨ—
ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਲੋਹ ਅਤੇ ਗੁਰਦੁਆਰਾ ਰਾਮਗੜ੍ਹੀਆ ਸਭਾ ਦੇ ਸਹਿਯੋਗ ਨਾਲ ਖ਼ਾਲਸੇ ਦਾ ਸਾਜਨਾ ਦਿਹਾੜਾ ਵਿਸਾਖੀ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸ. ਜੋਗਿੰਦਰ ਸਿੰਘ ਬੱਲ ਅਤੇ ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਢਡਵਾਲ ਨੇ ਦੱਸਿਆ ਕਿ 22 ਅਪ੍ਰੈਲ ਨੂੰ ਸਲੋਹ ਵਿਖੇ ਨਗਰ ਕੀਰਤਨ ਸਜਾਇਆ ਜਾਵੇਗਾ। ਇਸੇ ਦਿਨ ਸਵੇਰ ਤੋਂ ਦੀਵਾਨ ਸਜਾਏ ਜਾਣਗੇ, ਜਿਸ 'ਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ ਜਥੇ ਸੰਗਤ ਨੂੰ ਨਿਹਾਲ ਕਰਨਗੇ। ਨਗਰ ਕੀਰਤਨ ਦੇ ਸਾਰੇ ਰਸਤੇ ਸੰਗਤਾਂ ਵੱਲੋਂ ਲੰਗਰਾਂ ਦੇ ਸਟਾਲ ਲੱਗਣਗੇ।
ਉਨ੍ਹਾਂ ਕਿਹਾ ਕਿ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੀਹੀ ਵੇਅ ਤੋਂ ਸਵੇਰੇ ਸ਼ੁਰੂ ਹੋ ਕੇ ਸ਼ਾਮ ਨੂੰ ਗੁਰਦੁਆਰਾ ਰਾਮਗੜ੍ਹੀਆ ਸਭਾ ਵਿਖੇ ਸਮਾਪਤ ਹੋਵੇਗਾ। ਵਿਸਾਖੀ ਦੇ ਸੰਬੰਧ 'ਚ ਹੀ ਪਹਿਲਾਂ 12 ਅਪ੍ਰੈਲ ਨੂੰ ਗੁਰੂ ਘਰ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 14 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਸਵੇਰੇ ਭੋਗ ਪਾਏ ਜਾਣਗੇ ਅਤੇ ਦੀਵਾਨ ਸਜਾਏ ਜਾਣਗੇ। 14 ਅਪ੍ਰੈਲ ਦੁਪਹਿਰ ਨੂੰ ਨਿਸ਼ਾਨ ਸਾਹਿਬ ਦੇ ਚੋਲ਼ੇ ਦੀ ਸੇਵਾ ਹੋਵੇਗੀ। ਗੁਰਦੁਆਰਾ ਕਮੇਟੀ ਨੇ ਇਸ ਵਾਰ ਸਾਰੇ ਪ੍ਰੋਗਰਾਮਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹਨ ਕਿਉਂਕਿ ਇਸ ਵਾਰ ਸੰਗਤ ਦੇ ਭਾਰੀ ਗਿਣਤੀ 'ਚ ਪੁੱਜਣ ਦੀ ਆਸ ਹੈ।|ਸੁਰੱਖਿਆ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਸੰਗਤ ਨੂੰ ਕਮੇਟੀ ਨੇ ਹੁੰਮ-ਹੁੰਮਾ ਕੇ ਪੁੱਜਣ ਦੀ ਅਪੀਲ ਕੀਤੀ ਹੈ।


Related News