ਇਟਲੀ ''ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਸਾਂਝੀਵਾਲਤਾ ਦਾ ਦਿੱਤਾ ਸੁਨੇਹਾ

Monday, Apr 15, 2019 - 03:44 PM (IST)

ਇਟਲੀ ''ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਸਾਂਝੀਵਾਲਤਾ ਦਾ ਦਿੱਤਾ ਸੁਨੇਹਾ

ਰੋਮ, ਇਟਲੀ (ਕੈਂਥ,ਚੀਨੀਆ)— ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਵਿੱਚ ਦਰਜ 36 ਮਹਾਂਪੁਰਸ਼ਾਂ ਦੀ ਬਾਣੀ ਪੂਰੀ ਕਾਇਨਾਤ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੰਦੀ ਹੈ। ਇਸ ਫਲਸਫ਼ੇ 'ਤੇ ਪਹਿਰਾ ਦਿੰਦਿਆਂ ਗੁਰਦੁਆਰਾ ਸਾਹਿਬ ਹਰਗੋਬਿੰਦ ਸੇਵਾ ਸੁਸਾਇਟੀ ਮਾਸੀਮੀਨਾ, ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਅਨਾਨੀਨਾ, ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਪ੍ਰੇਨਸਤੀਨਾ ਅਤੇ ਇਟਲੀ 'ਚ ਵੱਸਦੀਆਂ ਸਿੱਖ ਸੰਗਤਾਂ ਵੱਲੋਂ ਰਾਜਧਾਨੀ ਰੋਮ ਵਿਖੇ ਦੂਜੀ ਵਾਰ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 642ਵੇਂ ਆਗਮਨ ਪੂਰਬ ਦਿਹਾੜੇ ਦੀਆਂ ਖੁਸ਼ੀਆਂ ਨੂੰ ਸਾਂਝੇ ਤੌਰ 'ਤੇ ਮਨਾਉਣ ਲਈ ਇਕ ਵਿਸ਼ਾਲ ਨਗਰ ਕੀਤਰਨ ਸਜਾਇਆ। ਇਹ ਸਲਾਉਣਯੋਗ ਉਪਰਾਲਾ ਕਾਬਲੇ ਤਾਰੀਫ਼ ਹੈ ,ਜੋ ਕਿ ਮਨੁੱਖਤਾ ਨੂੰ ਸਮਰਪਿਤ ਹੈ।
ਇਟਲੀ ਦੀ ਰਾਜਧਾਨੀ ਰੋਮ ਦੇ ਤੁਰਪੀਨਾਤਾਰਾ ਵਿਖੇ ਸਜਾਏ ਇਸ ਵਿਸ਼ਾਲ ਨਗਰ ਕੀਰਤਨ 'ਚ ਸੰਗਤਾਂ ਨੇ ਇਟਲੀ ਦੇ ਵੱਖ-ਵੱਖ ਕੋਨਿਆਂ ਤੋਂ ਕਾਫਲਿਆਂ ਦੇ ਰੂਪ 'ਚ ਹਾਜ਼ਰੀ ਭਰੀ ਅਤੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਏ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਨਗਰ ਕੀਰਤਨ ਮੌਕੇ ਸੇਵਾਦਾਰਾਂ ਵਲੋਂ ਆਈਆਂ ਸੰਗਤਾਂ ਲਈ ਲੰਗਰਾਂ ਦੀ ਸੇਵਾ 'ਚ ਹਿੱਸਾ ਪਾ ਕੇ ਆਪਣਾ ਜੀਵਨ ਸਫਲ ਬਣਾਇਆ ਗਿਆ। ਸਿਰਾਂ 'ਤੇ ਕੇਸਰੀ ਦਸਤਾਰਾਂ ਅਤੇ ਚੁੰਨੀਆਂ ਵੇਖ ਕੇ ਲੱਗ ਰਿਹਾ ਸੀ, ਜਿਵਂੇ ਚੜ੍ਹਦਾ ਸੂਰਜ ਵੀ ਖਾਲਸੇ ਦੇ ਜਨਮ ਦਿਹਾੜੇ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਦੀਆਂ ਖੁਸ਼ੀਆ ਨੂੰ ਮਨਾਉਣ ਲਈ ਕੇਸਰੀ ਰੰਗ ਦਾ ਚੜ੍ਹਿਆ ਹੋਵੇ ।
ਗਤਕੇ ਵਾਲੇ ਜੁਝਾਰੂ ਸਿੱਖਾਂ ਵਲੋਂ ਗਤਕਾ ਕਲਾ ਦੇ ਅਨੇਕਾਂ ਹੈਰਤ ਨੁਮਾ ਜੌਹਰ ਦਿਖਾਏ ਗਏ।

PunjabKesari
ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸੰਗਤਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ, ਇਸ ਮੌਕੇ ਸਥਾਨਕ ਪ੍ਰਸ਼ਾਸਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਗਤਾਂ ਦੇ ਸਤਿਕਾਰ ਨੂੰ ਧਿਆਨ 'ਚ ਰੱਖਦਿਆਂ ਹੋਇਆ ਬੜੇ ਸੁਚੱਜੇ ਪ੍ਰਬੰਧ ਕੀਤੇ ਹੋਏ ਸਨ, ਸੇਵਾਦਾਰਾਂ ਵਲੋ ਗੁਰੂ ਸਾਹਿਬ ਦੇ ਸਤਿਕਾਰ ਨੂੰ ਧਿਆਨ 'ਚ ਰੱਖਦਿਆਂ ਹੋਇਆ ਰਸਤਿਆਂ ਦੀ ਸਫਾਈ ਕਰਕੇ ਫੁੱਲਾਂ ਦੀ ਵਰਖਾ ਕੀਤੀ ਗਈ।

PunjabKesari
ਇਸ ਮੌਕੇ ਭਾਰਤ ਤੋਂ ਉਚੇਚੇ ਤੌਰ 'ਤੇ ਪਹੁੰਚੇ ਇੰਟਰਨੈਸ਼ਨਲ ਰਾਗੀ ਜੱਥੇ ਭਾਈ ਸੁਖਵਿੰਦਰ ਸਿੰਘ, ਭਾਈ ਰਾਜ ਸਿੰਘ ਅਤੇ ਭਾਈ ਗੁਰਮੇਲ ਸਿੰਘ ਅਤੇ  ਹੋਰ ਆਏ ਹੋਏ ਜੱਥਿਆ ਦੁਆਰਾ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਗਿਆ। ਇਸ ਮੌਕੇ ਉਚੇਚੇ ਤੌਰ 'ਤੇ ਬਾਬਾ ਜ਼ੋਰਾਵਰ ਅਤੇ ਬਾਬਾ ਫਤਿਹ ਸਿੰਘ ਦਸਤਾਰ ਲਹਿਰ ਇੰਟਰਨੈਸ਼ਨਲ ਪੰਥਕ ਦਲ ਰੋਮ ਇਟਲੀ ਵੱਲੋਂ ਦਸਤਾਰ ਸਿਖਲਾਈ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਪੰਜਾਬੀ ਭਾਈਚਾਰੇ ਤੋਂ ਇਲਾਵਾ ਇਟਾਲੀਅਨ ਅਤੇ ਹੋਰ ਦੇਸ਼ਾਂ ਦੇ ਲੋਕਾਂ ਨੇ ਵੀ ਦਸਤਾਰ ਸਜਾਈ। ਸਮਾਪਤੀ ਅਰਦਾਸ ਉਪਰੰਤ ਪ੍ਰਬੰਧਕਾਂ ਵਲੋਂ ਸਥਾਨਕ ਪ੍ਰਸ਼ਾਸ਼ਨ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ਸਨਮਾਨਿਤ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਟਲੀ ਦਾ ਇਹ ਪਹਿਲਾ ਅਜਿਹਾ ਨਗਰ ਕੀਰਤਨ ਹੈ ਜਿਹੜਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਗਮਨ ਪੁਰਬ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਹੈ ਇਸ ਸਾਂਝੀਵਾਲਤਾ ਵਾਲੇ ਕਾਰਜ ਲਈ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਅਤੇ ਰੋਮ ਦੀਆਂ ਸੰਗਤਾਂ ਜਿੱਥੇ ਵਧਾਈ ਦੀਆਂ ਪਾਤਰ ਹਨ, ਉੱਥੇ ਹੀ ਇਟਲੀ ਦੀਆਂ ਹੋਰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਨੂੰ ਵੀ ਅਜਿਹੇ ਕਾਰਜ ਉਲੀਕਣ ਲਈ ਪ੍ਰੇਰਦੀਆਂ ਹਨ।


Related News