''ਨਿਊਜ਼ੀਲੈਂਡ ਸਿਰਫ ਸਾਡਾ''! ਨਗਰ ਕੀਰਤਨ ਦੇ ਰਾਹ ''ਚ ਖੜ੍ਹ ਗਏ 30-35 ਮੁੰਡੇ, ਸਥਿਤੀ ਹੋਈ ਤਨਆਪੂਰਨ
Saturday, Dec 20, 2025 - 07:23 PM (IST)
ਆਕਲੈਂਡ : ਨਿਊਜ਼ੀਲੈਂਡ ਦੇ ਮੇਨੁਰੇਵਾ ਇਲਾਕੇ ਵਿੱਚ ਅੱਜ ਉਸ ਵੇਲੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ, ਜਦੋਂ ਗੁਰਦੁਆਰਾ ਨਾਨਾਕਸਰ ਠਾਠ ਈਸ਼ਰ ਦਰਬਾਰ ਵਲੋਂ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ ਦੇ ਰਸਤੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਸਰੋਤਾਂ ਅਨੁਸਾਰ, ਪੋਹ ਦੇ ਮਹੀਨੇ ਦੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਇਹ ਵਿਸ਼ਾਲ ਨਗਰ ਕੀਰਤਨ ਮੇਨੁਰੇਵਾ ਦੀਆਂ ਸੜਕਾਂ 'ਤੇ ਸਜਾਇਆ ਗਿਆ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਸ਼ਰਧਾ ਨਾਲ ਹਿੱਸਾ ਲਿਆ। ਨਗਰ ਕੀਰਤਨ ਦੇ ਸਾਰੇ ਪ੍ਰਬੰਧ ਬਹੁਤ ਸੁਚਾਰੂ ਸਨ ਅਤੇ ਇਹ ਨਿਰਵਿਘਨ ਅੱਗੇ ਵੱਧ ਰਿਹਾ ਸੀ ਪਰ ਜਦੋਂ ਨਗਰ ਕੀਰਤਨ ਵਾਪਸੀ ਦੇ ਰਸਤੇ 'ਤੇ ਸੀ, ਤਾਂ ਗੁਰਦੁਆਰਾ ਸਾਹਿਬ ਤੋਂ ਕੁਝ ਦੂਰੀ 'ਤੇ ਗਰੇਟ ਸਾਊਥ ਰੋਡ 'ਤੇ 30 ਤੋਂ 35 ਨੌਜਵਾਨਾਂ ਦੇ ਇੱਕ ਸਮੂਹ ਨੇ ਰਸਤਾ ਰੋਕ ਲਿਆ।

ਇਨ੍ਹਾਂ ਨੌਜਵਾਨਾਂ ਨੇ ਨਾ ਸਿਰਫ ਨਗਰ ਕੀਰਤਨ ਦਾ ਰਸਤਾ ਰੋਕਿਆ, ਬਲਕਿ ਹਾਕਾ ਨਾਚ ਕਰਕੇ ਅਤੇ ਨਫ਼ਰਤ ਭਰੇ ਸਲੋਗਨ ਦਿਖਾ ਕੇ ਨਗਰ ਕੀਰਤਨ ਦਾ ਸਖ਼ਤ ਵਿਰੋਧ ਕੀਤਾ। ਜਾਣਕਾਰੀ ਮੁਤਾਬਕ ਇਹ ਨੌਜਵਾਨ ਇੱਕ ਵਿਸ਼ੇਸ਼ ਭਾਈਚਾਰੇ ਨਾਲ ਸਬੰਧਤ ਹਨ ਜੋ ਪਿਛਲੇ ਕੁਝ ਸਮੇਂ ਤੋਂ ਨਿਊਜ਼ੀਲੈਂਡ ਵਿੱਚ ਹਰ ਧਰਮ ਅਤੇ ਹੋਰ ਵਰਗਾਂ ਦੇ ਲੋਕਾਂ ਦਾ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨਕਾਰੀ ਨੌਜਵਾਨਾਂ ਦਾ ਦਾਅਵਾ ਹੈ ਕਿ ਨਿਊਜ਼ੀਲੈਂਡ ਸਿਰਫ ਉਨ੍ਹਾਂ ਦਾ ਹੈ। ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਇਨ੍ਹਾਂ ਲੋਕਾਂ ਵੱਲੋਂ ਵੱਖ-ਵੱਖ ਧਰਮਾਂ ਦੇ ਝੰਡੇ ਸਾੜਨ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਗਿਆ ਸੀ।

ਜਾਣਕਾਰੀ ਮਿਲੀ ਹੈ ਕਿ ਲਗਾਤਾਰ ਪ੍ਰਦਰਸ਼ਨਕਾਰੀ ਨੌਜਵਾਨਾਂ ਦੇ ਉਕਸਾਵੇ ਦੇ ਬਾਵਜੂਦ ਨਗਰ ਕੀਰਤਨ ਦਾ ਸੰਚਾਲਨ ਕਰ ਰਹੇ ਸਿੱਖ ਨੌਜਵਾਨਾਂ ਨੇ ਬਹੁਤ ਸਹਿਣਸ਼ੀਲਤਾ ਦਿਖਾਈ ਅਤੇ ਕਿਸੇ ਵੀ ਟਕਰਾਅ ਤੋਂ ਬਚਣ ਲਈ ਨਗਰ ਕੀਰਤਨ ਨੂੰ ਮੌਕੇ 'ਤੇ ਹੀ ਰੋਕ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਫੋਰਸਾਂ ਮੌਕੇ 'ਤੇ ਪਹੁੰਚਿਆ ਅਤੇ ਸਥਿਤੀ ਨੂੰ ਸੰਭਾਲਿਆ। ਪੁਲਸ ਮੁਲਾਜ਼ਮਾਂ ਨੇ ਇੱਕ ਮਨੁੱਖੀ ਚੈਨ ਬਣਾਈ ਤਾਂ ਜੋ ਨਗਰ ਕੀਰਤਨ ਲਈ ਸੁਰੱਖਿਅਤ ਰਸਤਾ ਤਿਆਰ ਕੀਤਾ ਜਾ ਸਕੇ। ਪੁਲਸ ਦੀ ਇਸ ਕਾਰਵਾਈ ਸਦਕਾ ਨਗਰ ਕੀਰਤਨ ਬਿਨਾਂ ਕਿਸੇ ਹੋਰ ਵੱਡੀ ਅਣਸੁਖਾਵੀਂ ਘਟਨਾ ਦੇ ਸੁਰੱਖਿਅਤ ਢੰਗ ਨਾਲ ਗੁਰਦੁਆਰਾ ਸਾਹਿਬ ਵਾਪਸ ਪਹੁੰਚ ਗਿਆ।
