ਬੁਲਜਾਨੋ ਇਟਲੀ ''ਚ ਖਾਲਸਾਈ ਸ਼ਾਨੋ-ਸ਼ੌਕਤ ਤੇ ਜਾਹੋ ਜਲਾਲ ਨਾਲ ਸਜਾਇਆ ਗਿਆ ਮਹਾਨ ਨਗਰ ਕੀਰਤਨ
Monday, Apr 24, 2023 - 04:37 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): ਉੱਤਰੀ ਇਟਲੀ ਦੇ ਇਤਿਹਾਸਿਕ ਸ਼ਹਿਰ ਬੁਲਜਾਨੋ ਤੇ ਆਸਪਾਸ ਦੇ ਇਲਾਕਿਆਂ ਵਿੱਚ ਵੱਸਦੀਆਂ ਸਿੱਖ ਸੰਗਤਾਂ ਵੱਲੋਂ ਖ਼ਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਦੇ ਗੁਰਦੁਆਰਾ ਸਿੰਘ ਸਭਾ ਬੁਲਜਾਨੋ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਸਾਹਿਬ ਦੇ ਨੇੜਲੇ ਚੌਕ ਤੋਂ ਆਰੰਭ ਹੋਈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਪਰਕਰਮਾ ਉਪਰੰਤ ਗੁਰਦੁਆਰਾ ਸਾਹਿਬ ਪੁੱਜਣ ਉਪਰੰਤ ਸਮਾਪਤੀ ਹੋਈ। ਪ੍ਰਬੰਧਕ ਕਮੇਟੀ ਵੱਲੋਂ ਦੂਰ ਦੁਰਾਡੇ ਤੋਂ ਕਾਫ਼ਲਿਆਂ ਦੇ ਰੂਪ ਵਿੱਚ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ, ਜਿੰਨਾਂ ਦੁਆਰਾ ਨਗਰ ਕੀਰਤਨ ਵਿੱਚ ਪਹੁੰਚ ਕਰਕੇ ਰੌਣਕਾਂ ਨੂੰ ਚਾਰ ਚੰਨ ਲਾਏ ਗਏ।
ਇਸ ਮੌਕੇ ਗੁਰਦੁਆਰਾ ਸਿੰਘ ਸਭਾ ਫਲੇਰੋ ਤੋਂ ਤਿੰਨ ਬੱਸਾਂ ਸੰਗਤਾਂ ਨੂੰ ਲੈਕੇ ਉਚੇਚੇ ਤੌਰ 'ਤੇ ਪੁੱਜੀਆਂ। ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗ ਕਰਨ ਵਾਲੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਗਤਕਾ ਅਕੈਡਮੀ ਵਾਲੇ ਸਿੰਘਾਂ ਦੁਆਰਾ ਗਤਕਾ ਕਲਾ ਦੇ ਜੌਹਰ ਵਿਖਾਉਂਦੇ ਹੋਏ ਖ਼ੂਬ ਵਾਹ-ਵਾਹ ਖੱਟੀ। ਬੀਬੀਆਂ ਦੇ ਕੀਰਤਨੀ ਜਿਥੇ ਦੁਆਰਾ ਆਈਆ ਸੰਗਤਾਂ ਨੂੰ ਗੁਰੂ ਇਤਿਹਾਸ ਸ਼ਰਵਣ ਕਰਵਾਇਆ ਗਿਆ। ਪੁਲਸ ਪ੍ਰਸ਼ਾ਼ਸ਼ਨ ਦੁਆਰਾ ਟ੍ਰੈਫ਼ਿਕ ਨੂੰ ਬੜੇ ਸੁਚੱਜੇ ਢੰਗ ਨਾਲ ਕੰਟਰੋਲ ਕਰਕੇ ਸਹਿਯੋਗ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ: ਤਿੰਨ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਪਰਤਿਆ ਭਾਰਤੀ ਪਰਬਤਾਰੋਹੀ ਦਾ ਸਾਹ, ਹਾਲਤ ਅਜੇ ਵੀ ਨਾਜ਼ੁਕ
ਸਿੱਖੀ ਸੇਵਾ ਸੁਸਾਇਟੀ ਅਤੇ ਕਲਤੂਰਾ ਸਿੱਖ ਦੇ ਸੇਵਾਦਾਰਾਂ ਵੱਲੋ ਇਟਾਲੀਅਨ ਭਾਸ਼ਾ ਅਤੇ ਗੁਰਮੁਖੀ ਵਿਚ ਪ੍ਰਕਾਸ਼ਿਤ ਕਿਤਾਬਾਂ ਫ੍ਰੀ ਵੰਡਕੇ ਨਗਰ ਕੀਰਤਨ ਵਿਚ ਪੁੱਜੇ ਇਟਾਲੀਅਨ ਜਾਂ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਨਗਰ ਕੀਰਤਨ ਦੀ ਮਹਾਨਤਾ ਬਾਰੇ ਜਾਣੂ ਕਰਵਾਇਆ ਗਿਆ। ਸਿਰਾਂ 'ਤੇ ਕੇਸਰੀ ਰੰਗ ਦੀਆ ਦਸਤਾਰਾਂ ਤੇ ਦੁਪੱਟੇ ਲੈਕੇ ਪੁੱਜੀਆਂ ਸੰਗਤਾਂ ਨੇ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਆਸਮਾਨ ਗੂੰਜਣ ਲਾ ਦਿੱਤਾ। ਸੇਵਾਦਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੇ ਸਟਾਲਾਂ ਦਾ ਪ੍ਰਬੰਧ ਕਰਕੇ ਆਈਆਂ ਸੰਗਤਾਂ ਨੂੰ ਲੰਗਰ ਛੱਕਾਕੇ ਸੇਵਾਵਾਂ ਵਿੱਚ ਹਿੱਸਾ ਪਾਇਆ ਗਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।