ਤਖਤਾਪਲਟ ਮਗਰੋਂ ਮਿਆਂਮਾਰ 'ਚ ਨਵੀਂ ਮਿਲਟਰੀ ਸਰਕਾਰ ਨੇ ਫੇਸਬੁੱਕ 'ਤੇ ਲਾਈ ਅਸਥਾਈ ਰੋਕ
Thursday, Feb 04, 2021 - 06:01 PM (IST)
ਯਾਂਗੂਨ (ਭਾਸ਼ਾ): ਮਿਆਂਮਾਰ ਦੀ ਨਵੀਂ ਮਿਲਟਰੀ ਸਰਕਾਰ ਨੇ ਦੇਸ਼ ਵਿਚ ਤਖਤਾਪਲਟ ਦੇ ਬਾਅਦ ਮਿਲਟਰੀ ਸ਼ਾਸਨ ਖ਼ਿਲਾਫ਼ ਸ਼ੁਰੂ ਕੀਤੇ ਗਏ ਵਿਰੋਧ ਦੌਰਾਨ ਫੇਸਬੁੱਕ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਸੋਸ਼ਲ ਮੀਡੀਆ ਮੰਚ ਫੇਸਬੁੱਕ ਮਿਆਂਮਾਰ ਵਿਚ ਕਾਫੀ ਲੋਕਪ੍ਰਿਅ ਹੈ ਅਤੇ ਸੱਤਾ ਤੋਂ ਹਟਾਈ ਗਈ ਸਰਕਾਰ ਜ਼ਿਆਦਾਤਰ ਘੋਸ਼ਣਾਵਾਂ ਇਸ 'ਤੇ ਹੀ ਕਰਦੀ ਸੀ।
ਉਪਭੋਗਤਾਵਾਂ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਤੋਂ ਉਹਨਾਂ ਨੂੰ ਫੇਸਬੁੱਕ ਵਰਤੋਂ ਕਰਨ ਵਿਚ ਪਰੇਸ਼ਾਨੀ ਹੋਣ ਲੱਗੀ ਸੀ। ਮੋਬਾਇਲ ਸੇਵਾ ਪ੍ਰਦਾਤਾ ਕੰਪਨੀ 'ਟੇਲੇਨੌਰ ਮਿਆਂਮਾਰ' ਨੇ ਇਕ ਬਿਆਨ ਵਿਚ ਪੁਸ਼ਟੀ ਕੀਤੀ ਕਿ ਉਹਨਾਂ ਨੂੰ ਸੰਚਾਰ ਮੰਤਰਾਲੇ ਤੋਂ ਫੇਸਬੁੱਕ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦਾ ਨਿਰਦੇਸ਼ ਮਿਲਿਆ ਹੈ। ਉਸ ਨੇ ਕਿਹਾ ਕਿ ਉਹ ਇਸ ਦਾ ਪਾਲਣ ਕਰੇਗਾ ਭਾਵੇਂਕਿ ਉਹ ਇਸ ਕਦਮ ਨਾਲ ਮਨੁੱਖੀ ਅਧਿਕਾਰਾਂ ਦਾ ਘਾਣ ਹੋਣ ਸਬੰਧੀ ਚਿੰਤਤ ਹੈ। ਫੇਸਬੁੱਕ ਦੇ ਇਕ ਬੁਲਾਰੇ ਨੇ ਕਿਹਾ,''ਮਿਆਂਮਾਰ ਵਿਚ ਦੂਰਸੰਚਾਰ ਪ੍ਰਦਾਤਾਵਾਂ ਨੂੰ ਫੇਸਬੁੱਕ 'ਤੇ ਅਸਥਾਈ ਰੋਕ ਲਗਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਅਸੀਂ ਅਧਿਕਾਰੀਆਂ ਨੂੰ ਸੇਵਾ ਬਹਾਲ ਕਰਨ ਦੀ ਅਪੀਲ ਕਰਦੇ ਹਾਂ ਤਾਂ ਜੋ ਮਿਆਂਮਾਰ ਦੇ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸੰਪਰਕ ਕਰ ਸਕਣ ਅਤੇ ਉਹਨਾਂ ਤੱਕ ਮਹੱਤਵਪੂਰਨ ਜਾਣਕਾਰੀਆਂ ਪਹੁੰਚਾ ਸਕਣ।''
ਪੜ੍ਹੋ ਇਹ ਅਹਿਮ ਖਬਰ- ਮਿਆਂਮਾਰ 'ਚ ਸਿਹਤ ਕਰਮੀਆਂ ਵੱਲੋਂ ਮਿਲਟਰੀ ਸਰਕਾਰ ਲਈ ਕੰਮ ਕਰਨ ਤੋਂ ਇਨਕਾਰ
ਮਿਆਂਮਾਰ ਵਿਚ ਸੋਮਵਾਰ ਨੂੰ ਸੈਨਾ ਨੇ ਤਖਤਾਪਲਟ ਕਰ ਕੇ ਦੇਸ਼ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਈ ਹੈ। ਸਟੇਟ ਕੌਂਸਲਰ ਆਂਗ ਸਾਨ ਸੂ ਕੀ ਦੀ ਪਾਰਟੀ ਨੇ ਕਿਹਾ ਹੈ ਕਿ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਸੈਨਾ ਦਾ ਕਹਿਣਾ ਹੈ ਕਿ ਆਂਗ ਸਾਨ ਸੂ ਕੀ ਦੀ ਚੁਣੀ ਗੈਰ ਮਿਲਟਰੀ ਸਰਕਾਰ ਨੂੰ ਹਟਾਉਣ ਦਾ ਇਕ ਕਾਰਨ ਇਹ ਸੀ ਕਿ ਉਹ ਕਥਿਤ ਵਿਆਪਕ ਚੁਣਾਵੀ ਬੇਨਿਯਮੀਆਂ ਦੇ ਦੋਸ਼ਾਂ ਦੀ ਠੀਕ ਨਾਲ ਜਾਂਚ ਕਰਨ ਵਿਚ ਅਸਫਲ ਰਹੀ। ਸੈਨਾ ਨੇ ਘੋਸ਼ਣਾ ਕੀਤੀ ਹੈ ਕਿ ਉਹ ਇਕ ਸਾਲ ਲਈ ਐਮਰਜੈਂਸੀ ਦੀ ਸਥਿਤੀ ਦੇ ਤਹਿਤ ਸ਼ਾਸਨ ਕਰੇਗੀ ਅਤੇ ਫਿਰ ਚੋਣਾਂ ਆਯੋਜਿਤ ਕਰੇਗੀ ਜਿਸ ਵਿਚ ਜਿੱਤਣ ਵਾਲੇ ਸਰਕਾਰ ਦਾ ਕੰਮਕਾਜ ਸੰਭਾਲਣਗੇ।
ਨੋਟ- ਮਿਆਂਮਾਰ ਨੇ ਫੇਸਬੁੱਕ 'ਤੇ ਲਾਈ ਅਸਥਾਈ ਰੋਕ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।