ਮਿਆਂਮਾਰ ਤਖਤਾਪਲਟ : ਅਜੇ ਵੀ ਹਿਰਾਸਤ 'ਚ ਰਹੇਗੀ ਸੂ ਚੀ
Tuesday, Feb 16, 2021 - 10:13 PM (IST)
 
            
            ਬਰਮਾ - ਮਿਆਂਮਾਰ ਦੀ ਫੌਜ ਨੇ ਅਹੁਦੇ ਤੋਂ ਹਟਾਈ ਗਈ ਨੇਤਾ ਆਂਗ ਸਾਨ ਸੂ ਚੀ ਦੀ ਹਿਰਾਸਤ ਵਧਾ ਦਿੱਤੀ ਹੈ। ਉਥੇ ਦੇਸ਼ ਵਿਚ ਫੌਜੀ ਤਖਤਾਪਲਟ ਖਿਲਾਫ ਪ੍ਰਦਰਸ਼ਨ ਜਾਰੀ ਹਨ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਸੂ ਚੀ ਦੀ ਰਿਹਾਈ ਹੈ। ਵਕੀਲ ਖਿਨ ਮੌਂਗ ਜਾਅ ਨੇ ਰਾਜਧਾਨੀ ਦੇ ਪੀਤਾ ਵਿਚ ਇਕ ਅਦਾਲਤ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਸੂ ਚੀ ਦੀ ਹਿਰਾਸਤ 17 ਫਰਵਰੀ ਤੱਕ ਵਧਾ ਦਿੱਤੀ ਗਈ ਹੈ। ਸੂ ਚੀ ਦੀ ਪਾਰਟੀ ਨੇ ਜਾਅ ਤੋਂ ਅਦਾਲਤ ਵਿਚ ਉਨ੍ਹਾਂ ਦੀ ਨੁਮਾਇੰਦਗੀ ਕਰਨ ਨੂੰ ਕਿਹਾ ਸੀ। ਸੂ ਚੀ ਦੀ ਹਿਰਾਸਤ ਦੀ ਮਿਆਦ ਸੋਮਵਾਰ ਖਤਮ ਹੋ ਰਹੀ ਸੀ। ਪਰ ਉਨ੍ਹਾਂ 'ਤੇ ਗੈਰ-ਕਾਨੂੰਨੀ ਤੌਰ 'ਤੇ ਵਾਕੀ-ਟਾਕੀ ਰੱਖਣ ਦਾ ਦੋਸ਼ ਲਾਇਆ ਗਿਆ।

ਇਹ ਖ਼ਬਰ ਵੀ ਪੜ੍ਹੋ- ਇੰਗਲੈਂਡ ਦੀ ‘ਬੀ’ ਟੀਮ ਨੂੰ ਹਰਾਉਣ ਲਈ ਭਾਰਤ ਨੂੰ ਵਧਾਈ : ਪੀਟਰਸਨ
ਫੌਜ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਵਧਿਆ ਤਣਾਅ
ਸੂ ਚੀ ਦੀ ਹਿਰਾਸਤ ਨੂੰ ਵਧਾਉਣ ਨਾਲ ਫੌਜ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਣਾਅ ਵਧ ਸਕਦਾ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਫੌਜ ਉਨ੍ਹਾਂ ਵੱਲੋਂ ਚੁਣੀ ਗਈ ਸਰਕਾਰ ਨੂੰ ਸੱਤਾ ਵਾਪਸ ਕਰੇ। ਜ਼ਿਕਰਯੋਗ ਹੈ ਕਿ ਫੌਜ ਨੇ ਇਕ ਫਰਵਰੀ ਨੂੰ ਤਖਤਾਪਲਟ ਕਰ ਕੇ ਸੱਤਾ ਆਪਣੇ ਹੱਥ ਵਿਚ ਲੈ ਲਈ ਸੀ। ਸੂ ਚੀ ਸਣੇ ਸਰਕਾਰ ਦੇ ਕਈ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ। ਨਾਲ ਹੀ ਨਵੇਂ ਚੁਣੇ ਗਏ ਮੈਂਬਰਾਂ ਨੂੰ ਸੰਸਦ ਦੇ ਨਵੇਂ ਸੈਸ਼ਨ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਸੀ। ਸਮੁੱਚੇ ਮਿਆਂਮਾਰ ਵਿਚ ਸੋਮਵਾਰ ਵੀ ਪ੍ਰਦਰਸ਼ਨ ਕਰਨ ਲਈ ਸੜਕਾਂ 'ਤੇ ਉਤਰੇ। ਹਾਲਾਂਕਿ ਐਤਵਾਰ ਰਾਤ ਅਧਿਕਾਰੀਆਂ ਨੇ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨ ਲਈ ਦੇਸ਼ ਵਿਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਸੀ ਅਤੇ ਸੁਰੱਖਿਆ ਕਰਮੀਆਂ ਦੀ ਗਿਣਤੀ ਵਧਾ ਦਿੱਤੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            