ਮੇਰੇ ਵਿਰੋਧੀ ਮੈਨੂੰ ਸਜ਼ਾ ਦਵਾਉਣ 'ਚ ਰਹਿਣਗੇ ਅਸਫਲ : ਸ਼ਰੀਫ
Tuesday, Feb 13, 2018 - 04:38 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੰਗਲਵਾਰ ਨੂੰ ਆਪਣੇ ਵਿਰੋਧੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਉਨ੍ਹਾਂ ਨੂੰ ''ਸਜ਼ਾ'' ਦਵਾਉਣ ਵਿਚ ਸਫਲ ਨਹੀਂ ਹੋਣਗੇ। 67 ਸਾਲਾ ਸ਼ਰੀਫ ਆਪਣੀ ਬੇਟੀ ਮਰੀਅਮ ਅਤੇ ਜਵਾਈ ਕੈਪਟਨ ਮੁਹੰਮਦ ਸਫਦਰ ਨਾਲ ਇਸਲਾਮਾਬਾਦ ਸਥਿਤ ਜਵਾਬਦੇਹੀ ਅਦਾਲਤ ਵਿਚ 17ਵੀਂ ਵਾਰੀ ਪੇਸ਼ ਹੋਏ। ਸੁਣਵਾਈ ਦੀ ਸ਼ੁਰੂਆਤ ਵਿਚ ਅਦਾਲਤ ਨੂੰ ਸੂਚਿਤ ਕੀਤਾ ਗਿਆ ਕਿ ਮਸ਼ਹੂਰ ਵਕੀਲ ਅਤੇ ਮਨੁੱਖੀ ਅਧਿਕਾਰ ਕਾਰਜਕਰਤਾ ਆਸਮਾ ਜਹਾਂਗੀਰ ਦੀ ਐਤਵਾਰ ਨੂੰ ਮੌਤ ਹੋਣ ਮਗਰੋਂ ਤਿੰਨ ਦਿਨੀਂ ਸੋਗ ਮਨਾਉਣ ਦੇ ਮੱਦੇਨਜ਼ਰ ਵਕੀਲ ਅਦਾਲਤ ਵਿਚ ਨਹੀਂ ਆ ਰਹੇ ਸਨ। ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ. ਏ. ਬੀ.) ਦੇ ਵਕੀਲ ਨੇ ਇਤਰਾਜ਼ ਜ਼ਾਹਰ ਕਰਦੇ ਹੋਏ ਕਿਹਾ ਕਿ ਗਵਾਹ ਬਿਆਨ ਦਰਜ ਕਰਾਉਣ ਲਈ ਹਾਜ਼ਰ ਹਨ ਪਰ ਜੱਜ ਮੁਹੰਮਦ ਬਸ਼ੀਰ ਨੇ ਸੁਣਵਾਈ 15 ਫਰਵਰੀ ਤੱਕ ਮੁਲਤਵੀ ਕਰ ਦਿੱਤੀ।
ਸ਼ਰੀਫ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਜਵਾਬਦੇਹੀ ਦੇ ਨਾਂ 'ਤੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।'' ਉਨ੍ਹਾਂ ਨੇ ਕਿਹਾ,'' ਵਿਰੋਧੀ ਧਿਰ ਮੈਨੂੰ ਸਜ਼ਾ ਦਵਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਸਬੂਤ ਨਹੀਂ ਹਨ। ਇਸ ਲਈ ਪੂਰਕ ਮਾਮਲੇ ਦਰਜ ਕੀਤੇ ਜਾ ਰਹੇ ਹਨ। ਉਹ ਅਸਫਲ ਰਹਿਣਗੇ ਕਿਉਂਕਿ ਪਾਕਿਸਤਾਨ ਦੇ ਲੋਕ ਸਾਡੇ ਨਾਲ ਹਨ।''