ਮਸਕ ਦਾ ਦਾਅਵਾ, ਟਰੰਪ ਰਾਸ਼ਟਰਪਤੀ ਬਣੇ ਤਾਂ ਬਜਟ 'ਚ ਕਰਨਗੇ 2 ਟ੍ਰਿਲੀਅਨ ਡਾਲਰ ਦੀ ਕਟੌਤੀ

Monday, Oct 28, 2024 - 04:49 PM (IST)

ਵਾਸ਼ਿੰਗਟਨ- ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦਾ ਦਿਨ ਜਿਵੇਂ-ਜਿਵੇਂ ਨੇੜੇ ਆਉਂਦਾ ਜਾ ਰਿਹਾ ਹੈ ਉਵੇਂ ਹੀ ਵਾਅਦਿਆਂ ਦਾ ਦੌਰ ਵਧਦਾ ਜਾ ਰਿਹਾ ਹੈ। ਹੁਣ ਐਲੋਨ ਮਸਕ ਨੇ ਦਾਅਵਾ ਕੀਤਾ ਹੈ ਕਿ ਜੇਕਰ ਡੋਨਾਲਡ ਟਰੰਪ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਹਨ ਤਾਂ ਅਮਰੀਕਾ ਦੇ ਫੈਡਰਲ ਬਜਟ ਵਿੱਚ ਦੋ ਟ੍ਰਿਲੀਅਨ ਡਾਲਰ ਦੀ ਕਟੌਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਲੋਕਾਂ ਨੂੰ ਫ਼ਾਇਦਾ ਹੋਵੇਗਾ ਅਤੇ ਉਨ੍ਹਾਂ 'ਤੇ ਲਗਾਏ ਜਾਣ ਵਾਲੇ ਟੈਕਸ ਵੀ ਘੱਟ ਹੋਣਗੇ। ਐਲੋਨ ਮਸਕ ਨੇ ਨਿਊਯਾਰਕ 'ਚ ਆਯੋਜਿਤ ਡੋਨਾਲਡ ਟਰੰਪ ਦੀ ਰੈਲੀ 'ਚ ਸ਼ਿਰਕਤ ਕੀਤੀ। ਇਸ ਦੌਰਾਨ ਮਸਕ ਨੇ ਬਜਟ 'ਚ ਕਟੌਤੀ ਕਰਨ ਦਾ ਵੱਡਾ ਦਾਅਵਾ ਕੀਤਾ।

ਮਸਕ ਨੇ ਲੋਕਾਂ ਨੂੰ ਕਹੀ ਇਹ ਗੱਲ

ਨਿਊਯਾਰਕ ਦੇ ਮੈਡੀਸਨ ਸਕੁਏਅਰ ਗਾਰਡਨ 'ਚ ਆਯੋਜਿਤ ਰੈਲੀ ਦੌਰਾਨ ਆਪਣੇ ਸੰਬੋਧਨ 'ਚ ਮਸਕ ਨੇ ਕਿਹਾ ਕਿ 'ਤੁਹਾਡਾ ਪੈਸਾ ਬਰਬਾਦ ਹੋ ਰਿਹਾ ਹੈ। ਅਸੀਂ ਤੁਹਾਡੇ 'ਤੇ ਸਰਕਾਰ ਦਾ ਬੋਝ ਘਟਾਵਾਂਗੇ ਅਤੇ ਲੋਕਾਂ ਦੇ ਬਜਟ 'ਚੋਂ ਟੈਕਸ ਦਾ ਬੋਝ ਵੀ ਘਟਾਵਾਂਗੇ। ਗੌਰਤਲਬ ਹੈ ਕਿ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਸਰਕਾਰੀ ਖਰਚਿਆਂ 'ਚ ਕਟੌਤੀ ਕੀਤੀ ਜਾਵੇਗੀ ਅਤੇ ਇਸ ਲਈ 'ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੈਂਸੀ' (ਡੀ.ਓ.ਜੀ.ਈ) ਨਾਂ ਦਾ ਵਿਭਾਗ ਬਣਾਇਆ ਜਾਵੇਗਾ। ਟਰੰਪ ਨੇ ਐਲੋਨ ਮਸਕ ਨੂੰ ਇਸ ਵਿਭਾਗ ਦਾ ਮੁਖੀ ਬਣਾਉਣ ਦਾ ਐਲਾਨ ਕੀਤਾ ਹੈ। ਇਸੇ ਕਾਰਨ ਐਲੋਨ ਮਸਕ ਵੀ ਖਰਚਿਆਂ ਵਿੱਚ ਕਟੌਤੀ ਵਰਗੇ ਵੱਡੇ-ਵੱਡੇ ਵਾਅਦੇ ਕਰ ਰਹੇ ਹਨ। ਨਿਊਯਾਰਕ ਦੀ ਰੈਲੀ ਦੌਰਾਨ ਮਸਕ ਤੋਂ ਪੁੱਛਿਆ ਗਿਆ ਕਿ ਉਹ ਫੈਡਰਲ ਬਜਟ 'ਚ ਕਿੰਨੀ ਕਟੌਤੀ ਕਰ ਸਕਦੇ ਹਨ, ਜਿਸ 'ਤੇ ਮਸਕ ਨੇ ਕਿਹਾ ਕਿ ਕਰੀਬ ਦੋ ਟ੍ਰਿਲੀਅਨ ਡਾਲਰ।

ਪੜ੍ਹੋ ਇਹ ਅਹਿਮ ਖ਼ਬਰ-ਕਮਲਾ ਹੈਰਿਸ ਲਈ ਚੁਣੌਤੀ, ਭਾਰਤੀ-ਅਮਰੀਕੀਆਂ ਦਾ ਡੈਮੋਕ੍ਰੇਟਿਕ ਪਾਰਟੀ ਵੱਲ ਘਟਿਆ ਝੁਕਾਅ 

ਮਸਕ ਨੂੰ ਹੋ ਸਕਦੈ ਵਿੱਤੀ ਨੁਕਸਾਨ

ਐਲੋਨ ਮਸਕ ਨੇ ਬਜਟ 'ਚ ਵੱਡੀ ਕਟੌਤੀ ਦਾ ਐਲਾਨ ਕੀਤਾ ਹੈ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਐਲਾਨ ਨਾਲ ਮਸਕ ਨੂੰ ਖੁਦ ਨੁਕਸਾਨ ਹੋ ਸਕਦਾ ਹੈ। ਦਰਅਸਲ ਐਲੋਨ ਮਸਕ ਦੀਆਂ ਕੰਪਨੀਆਂ ਟੇਸਲਾ ਇੰਕ. ਅਤੇ ਸਪੇਸਐਕਸ ਉਨ੍ਹਾਂ ਕੰਪਨੀਆਂ ਵਿੱਚੋਂ ਹਨ ਜਿਨ੍ਹਾਂ ਨੂੰ ਅਮਰੀਕੀ ਸਰਕਾਰ ਦੁਆਰਾ ਸੰਘੀ ਠੇਕੇ ਦਿੱਤੇ ਗਏ ਹਨ। ਇਸ ਤਹਿਤ ਅਮਰੀਕੀ ਸਰਕਾਰ ਇਨ੍ਹਾਂ ਕੰਪਨੀਆਂ ਨੂੰ ਕਰੋੜਾਂ ਡਾਲਰ ਦੀ ਸਹਾਇਤਾ ਦਿੰਦੀ ਹੈ। ਹੁਣ ਜਦੋਂ ਮਸਕ ਨੇ ਬਜਟ ਵਿੱਚ ਦੋ ਟ੍ਰਿਲੀਅਨ ਡਾਲਰ ਦੀ ਕਟੌਤੀ ਦਾ ਐਲਾਨ ਕੀਤਾ ਹੈ, ਤਾਂ ਇਸ ਦਾ ਅਸਰ ਕੰਪਨੀਆਂ ਨੂੰ ਮਿਲਣ ਵਾਲੇ ਸਰਕਾਰੀ ਫੰਡਾਂ 'ਤੇ ਵੀ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦਾ ਸਾਲਾਨਾ ਬਜਟ ਲਗਭਗ 6.75 ਟ੍ਰਿਲੀਅਨ ਡਾਲਰ ਹੈ ਅਤੇ ਮਸਕ ਨੇ ਆਪਣੇ ਬਜਟ ਦਾ ਦੋ ਤਿਹਾਈ ਹਿੱਸਾ ਯਾਨੀ ਕਰੀਬ 2 ਟ੍ਰਿਲੀਅਨ ਡਾਲਰ ਕੱਟਣ ਦਾ ਵੱਡਾ ਐਲਾਨ ਕੀਤਾ ਹੈ। ਡੋਨਾਲਡ ਟਰੰਪ ਨੇ ਵੀ ਆਪਣੇ ਸੰਬੋਧਨ 'ਚ ਕਈ ਭਲਾਈ ਪ੍ਰੋਗਰਾਮ ਸ਼ੁਰੂ ਕਰਕੇ ਆਮ ਲੋਕਾਂ ਨੂੰ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਬਜਟ ਵਿੱਚ ਵੱਡੀ ਕਟੌਤੀ ਕਰਦੀ ਹੈ ਤਾਂ ਇਸ ਨਾਲ ਘਾਟਾ ਹੋਰ ਵਧੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News