ਮੁੰਬਈ ਹਮਲਿਆਂ ਦਾ ਦੋਸ਼ੀ ਤਹੱਵੁਰ ਰਾਣਾ ਛੇਤੀ ਆਵੇਗਾ ਭਾਰਤ! ਵਿਦੇਸ਼ ਮੰਤਰਾਲੇ ਨੇ ਦਿੱਤੀ ਵੱਡੀ ਜਾਣਕਾਰੀ
Saturday, Feb 08, 2025 - 09:41 AM (IST)
![ਮੁੰਬਈ ਹਮਲਿਆਂ ਦਾ ਦੋਸ਼ੀ ਤਹੱਵੁਰ ਰਾਣਾ ਛੇਤੀ ਆਵੇਗਾ ਭਾਰਤ! ਵਿਦੇਸ਼ ਮੰਤਰਾਲੇ ਨੇ ਦਿੱਤੀ ਵੱਡੀ ਜਾਣਕਾਰੀ](https://static.jagbani.com/multimedia/2025_2image_09_40_354504220rana.jpg)
ਇੰਟਰਨੈਸ਼ਨਲ ਡੈਸਕ : 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਦੋਸ਼ੀ ਤਹੱਵੁਰ ਰਾਣਾ ਦੇ ਭਾਰਤ ਆਉਣ ਦਾ ਰਾਹ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਰਾਣਾ ਦੇ ਆਤਮ-ਸਮਰਪਣ ਦਾ ਪ੍ਰਬੰਧ ਕਰਨ ਲਈ ਅਮਰੀਕੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਰਾਣਾ ਨੇ ਅਮਰੀਕਾ ਵਿਚ ਸਾਰੇ ਕਾਨੂੰਨੀ ਰਾਹ ਅਜ਼ਮਾਏ ਹਨ ਅਤੇ ਹਰ ਪਾਸੇ ਨਿਰਾਸ਼ ਹੀ ਹੋਇਆ ਹੈ। ਜਨਵਰੀ ਵਿਚ ਅਮਰੀਕੀ ਸੁਪਰੀਮ ਕੋਰਟ ਨੇ ਰਾਣਾ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਹੁਣ ਭਾਰਤ ਉਸ ਦੇ ਆਤਮ-ਸਮਰਪਣ ਲਈ ਅਮਰੀਕੀ ਅਧਿਕਾਰੀਆਂ ਨਾਲ ਗੱਲ ਕਰ ਰਿਹਾ ਹੈ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਰਾਣਾ ਦੀ ਹਵਾਲਗੀ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ, ''ਮੈਨੂੰ ਲੱਗਦਾ ਹੈ ਕਿ ਤੁਹਾਨੂੰ ਹਾਲ ਹੀ ਦੇ ਘਟਨਾਕ੍ਰਮ ਤੋਂ ਪਤਾ ਲੱਗ ਗਿਆ ਹੋਵੇਗਾ ਕਿ ਰਾਣਾ ਨੇ ਅਮਰੀਕਾ ਵਿਚ ਸਾਰੇ ਕਾਨੂੰਨੀ ਰਾਹਾਂ ਨੂੰ ਖਤਮ ਕਰ ਦਿੱਤਾ ਹੈ, ਅਮਰੀਕੀ ਸੁਪਰੀਮ ਕੋਰਟ ਨੇ ਵੀ ਉਸ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਇਸ ਲਈ ਹੁਣ ਅਸੀਂ ਅਮਰੀਕੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਤਾਂ ਜੋ ਰਾਣਾ ਭਾਰਤੀ ਅਧਿਕਾਰੀਆਂ ਅੱਗੇ ਆਤਮ-ਸਮਰਪਣ ਕਰ ਸਕੇ। ਜਿਵੇਂ ਹੀ ਸਾਨੂੰ ਇਸ ਵਿਸ਼ੇਸ਼ ਮਾਮਲੇ 'ਤੇ ਹੋਰ ਜਾਣਕਾਰੀ ਮਿਲੇਗੀ, ਅਸੀਂ ਤੁਹਾਨੂੰ ਦੱਸਾਂਗੇ।
ਇਹ ਵੀ ਪੜ੍ਹੋ : ਅਲਾਸਕਾ 'ਚ ਲਾਪਤਾ ਜਹਾਜ਼ ਹਾਦਸੇ ਦਾ ਸ਼ਿਕਾਰ; ਸਾਰੇ 10 ਲੋਕਾਂ ਦੀ ਮੌਤ, ਸਮੁੰਦਰੀ ਬਰਫ਼ 'ਚ ਮਿਲਿਆ ਮਲਬਾ
21 ਜਨਵਰੀ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਰਾਣਾ ਦੀ ਸਮੀਖਿਆ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ, ਜਿਸ ਨਾਲ ਉਸ ਦੀ ਭਾਰਤ ਹਵਾਲਗੀ ਦਾ ਰਾਹ ਪੱਧਰਾ ਹੋ ਗਿਆ ਸੀ। ਭਾਰਤ ਨੇ ਪਹਿਲਾਂ ਵੀ ਕਿਹਾ ਸੀ ਕਿ ਉਹ ਰਾਣਾ ਦੀ ਛੇਤੀ ਹਵਾਲਗੀ ਲਈ ਅਮਰੀਕੀ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਸੀ, ''ਅਸੀਂ ਹੁਣ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਜਲਦੀ ਭਾਰਤ ਹਵਾਲੇ ਕਰਨ ਲਈ ਅਮਰੀਕਾ ਦੇ ਨਾਲ ਕੰਮ ਕਰ ਰਹੇ ਹਾਂ।''
ਅਮਰੀਕਾ 'ਚ ਕਈ ਅਦਾਲਤਾਂ 'ਚ ਕਾਨੂੰਨੀ ਲੜਾਈ ਹਾਰ ਚੁੱਕਾ ਹੈ ਰਾਣਾ
ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ 'ਤੇ 2008 ਦੇ ਮੁੰਬਈ ਅੱਤਵਾਦੀ ਹਮਲਿਆਂ 'ਚ ਮੁੱਖ ਭੂਮਿਕਾ ਨਿਭਾਉਣ ਦਾ ਦੋਸ਼ ਹੈ। ਭਾਰਤ ਨੇ ਇਸ ਸਬੰਧੀ ਜਾਣਕਾਰੀ ਅਮਰੀਕੀ ਏਜੰਸੀਆਂ ਨਾਲ ਸਾਂਝੀ ਕੀਤੀ ਸੀ, ਜਿਸ ਨੂੰ ਹੇਠਲੀ ਅਦਾਲਤ ਅਤੇ ਸੁਪਰੀਮ ਕੋਰਟ ਦੇ ਸਾਹਮਣੇ ਰੱਖਿਆ ਗਿਆ ਸੀ। ਅਮਰੀਕਾ ਦੀ ਸੁਪਰੀਮ ਕੋਰਟ ਨੇ ਭਾਰਤ ਵੱਲੋਂ ਦਿੱਤੇ ਸਬੂਤਾਂ ਨੂੰ ਸਵੀਕਾਰ ਕਰਦਿਆਂ ਤਹੱਵੁਰ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਉਸ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਉਸਨੇ ਸਾਨ ਫਰਾਂਸਿਸਕੋ ਵਿੱਚ ਉੱਤਰੀ ਸਰਕਟ ਲਈ ਯੂਐੱਸ ਕੋਰਟ ਆਫ ਅਪੀਲਸ ਸਮੇਤ ਕਈ ਅਦਾਲਤਾਂ ਵਿੱਚ ਹਵਾਲਗੀ ਖਿਲਾਫ ਅਪੀਲ ਕੀਤੀ ਸੀ, ਪਰ ਹਰ ਜਗ੍ਹਾ ਉਸਦੀ ਅਪੀਲ ਰੱਦ ਕਰ ਦਿੱਤੀ ਗਈ ਸੀ। ਤਹੱਵੁਰ ਰਾਣਾ ਇਸ ਸਮੇਂ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿੱਚ ਹਿਰਾਸਤ 'ਚ ਹੈ।
ਇਹ ਵੀ ਪੜ੍ਹੋ : ਅਮਰੀਕੀ ਔਰਤ ਨੂੰ Pakistan 'ਚ ਮਿਲਿਆ 'ਧੋਖਾ', ਵਿਆਹ ਕਰਨ ਕਰਾਚੀ ਪੁੱਜੀ ਤਾਂ ਫ਼ਰਾਰ ਹੋ ਗਿਆ ਲਾੜਾ
ਪਾਕਿਸਤਾਨ ਦੀ ISI ਨਾਲ ਲਿੰਕ, ਲਸ਼ਕਰ-ਏ-ਤੋਇਬਾ ਨਾਲ ਵੀ ਜੁੜਿਆ ਹੈ ਰਾਣਾ
22/11 ਦੇ ਅੱਤਵਾਦੀ ਹਮਲਿਆਂ ਨੂੰ ਲੈ ਕੇ 2008 'ਚ ਮੁੰਬਈ ਪੁਲਸ ਵੱਲੋਂ ਦਾਇਰ ਚਾਰਜਸ਼ੀਟ 'ਚ ਤਹੱਵੁਰ ਰਾਣਾ ਮੁੱਖ ਦੋਸ਼ੀ ਹੈ। ਤਹੱਵੁਰ 'ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਅਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਹੋਣ ਦਾ ਦੋਸ਼ ਹੈ। ਦੋਸ਼ ਹੈ ਕਿ ਰਾਣਾ ਨੇ ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਡੇਵਿਡ ਕੋਲਮੈਨ ਹੈਡਲੀ ਦੀ ਮਦਦ ਕੀਤੀ ਸੀ। ਚਾਰਜਸ਼ੀਟ 'ਚ ਮੁੰਬਈ ਪੁਲਸ ਨੇ ਰਾਣਾ 'ਤੇ ਦੋਸ਼ ਲਗਾਇਆ ਹੈ ਕਿ ਉਸ ਨੇ ਹਮਲੇ ਵਾਲੀ ਥਾਂ ਦੀ ਰੇਕੀ ਕੀਤੀ ਸੀ ਅਤੇ ਇਸ ਦਾ ਖਾਕਾ ਤਿਆਰ ਕਰਕੇ ਪਾਕਿਸਤਾਨੀ ਅੱਤਵਾਦੀਆਂ ਨੂੰ ਸੌਂਪਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8