ਸਿੱਖਾਂ ਵਿਰੁੱਧ ਨਫਰਤੀ ਬਿਆਨ ਦੇਣ ਵਾਲੇ ਐਮ.ਪੀ. ਚੰਦਰਾ ਆਰੀਆ ਖਿਲਾਫ ਕੈਨੇਡਾ ''ਚ ਵਿਰੋਧ ਪ੍ਰਦਰਸ਼ਨ

Tuesday, Oct 08, 2024 - 05:27 AM (IST)

ਇੰਟਰਨੈਸ਼ਨਲ ਡੈਸਕ - ਕੈਲਗਰੀ ਅਤੇ ਐਡਮਿੰਟਨ ਵਿੱਚ ਰੱਖੇ ਹੋਏ ਦੋਨਾਂ ਸਮਾਗਮ 'ਚ ਕੈਨੇਡੀਅਨ ਐਮ.ਪੀ. ਚੰਦਰਾ ਆਰੀਆ ਨਹੀਂ ਪਹੁੰਚੇ ਕਿਉਂਕਿ ਹਰਦੀਪ ਸਿੰਘ ਨਿੱਝਰ ਦੇ ਸਾਥੀਆਂ ਅਤੇ ਸਿੱਖ ਜਥੇਬੰਦੀਆਂ ਨੇ ਉਨ੍ਹਾਂ 'ਤੇ ਸਿੱਖਾਂ ਖਿਲਾਫ ਨਫਰਤ ਫੈਲਾਉਣ ਦਾ ਦੋਸ਼ ਲਾਉਂਦਿਆਂ ਤਿੱਖਾ ਵਿਰੋਧ ਕੀਤਾ। ਉਥੇ ਹੀ ਭਾਈ ਗੁਲਜ਼ਾਰ ਸਿੰਘ ਐਡਮਿੰਟਨ ਨੇ ਕਿਹਾ ਕਿ ਸਾਰੀਆਂ ਸਿੱਖ ਸੰਸਥਾਵਾਂ ਇਸ ਮੁੱਦੇ 'ਤੇ ਪੰਥ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਤਿਆਰ ਹਨ। ਉਨ੍ਹਾਂ ਸਭ ਨੂੰ ਇਸ ਪ੍ਰੋਗਰਾਮ ਦੇ ਬਾਈਕਾਟ ਅਤੇ ਚੰਦਰਾ ਖਿਲਾਫ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੋਇਆ ਸੀ। 

ਜ਼ਿਕਰਯੋਗ ਹੈ ਕਿ ਕੈਨੇਡਾ ਵਸਦੇ ਸਿੱਖਾਂ ਖਿਲਾਫ ਝੂਠ ਅਤੇ ਕੁਫਰ ਬੋਲਣ ਕਰਕੇ ਚੰਦਰਾ ਆਰੀਆ ਖਿਲਾਫ ਉਥੇ ਦੇ ਸਿੱਖਾਂ 'ਚ ਕਾਫੀ ਰੋਸ ਹੈ। ਕੈਨੇਡਾ ਦੀ ਪਾਰਲੀਮੈਂਟ 'ਚ ਲਿਬਰਲ ਪਾਰਟੀ ਦੇ ਐਮ.ਪੀ. ਸੁਖ ਧਾਲੀਵਾਲ ਨੇ 1985 ਏਅਰ ਬੰਬ ਧਮਾਕੇ ਦੀ ਜਾਂਚ ਦੀ ਮੰਗ ਦੀ ਪਟੀਸ਼ਨ ਕੈਨੇਡਾ ਦੀ ਪਾਰਲੀਮੈਂਟ ਵਿੱਚ ਸਪੌਂਸਰ ਕੀਤੀ ਹੋਈ ਹੈ, ਜਿਸ ਦਾ ਚੰਦਰ ਆਰੀਆ ਨੇ ਪਾਰਲੀਮੈਂਟ ਚ ਵਿਰੋਧ ਕੀਤਾ ਹੈ ਅਤੇ ਇਸ ਨੂੰ ਬੇਤੁਕਾ ਦੱਸਿਆ ਹੈ, ਜਦਕਿ ਇਸ ਪਟੀਸ਼ਨ ਤੋਂ ਪਹਿਲਾਂ ਵੀ ਵੱਖ-ਵੱਖ ਕਿਤਾਬਾਂ ਵਿੱਚ ਏਅਰ ਇੰਡੀਆ ਬੰਬ ਧਮਾਕੇ ਦੇ ਮਾਮਲੇ 'ਚ ਭਾਰਤੀ ਏਜੰਸੀਆਂ ਦੀ ਦਖਲ-ਅੰਦਾਜ਼ੀ ਬਾਰੇ ਕਾਫੀ ਚਰਚਾ ਹੋਈ ਹੈ।

ਭਾਈ ਗੁਲਜਾਰ ਸਿੰਘ ਨਿਰਮਾਣ ਨੇ ਕਿਹਾ ਕਿ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਬੰਬ ਧਮਾਕੇ ਦੇ ਦੁਖਾਂਤ ਸਬੰਧੀ ਇਨਕੁਆਰੀ' ਦੀ ਗੱਲ ਕਰਨੀ ਕੀ ਗਲਤ ਹੈ.? ਜੋ ਚੰਦਰਾ ਇਸ ਕਾਰੇ ਨੂੰ ਸਿੱਖਾਂ ਦੇ ਸਿਰ ਮੜ ਰਿਹਾ ਹੈ। ਇਕ ਪਾਸੇ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ, ਜਿਹੜੀ ਕਿ ਇਹ ਦਾਅਵਾ ਕਰਦੀ ਹੈ ਕਿ ਓਹ ਪੀੜਿਤ ਲੋਕਾਂ ਨੂੰ ਇਨਸਾਫ ਦਿਵਾਏਗੀ, ਉਸਦੇ ਕਾਕਸ 'ਚ ਇਸ ਵਰਗਿਆਂ ਨੂੰ ਬੈਠਣ ਦੀ ਇਜਾਜ਼ਤ ਕਿਵੇਂ ਦਿੰਦੀ ਹੈ..? ਕਦੇ ਇਹ ਕਹਿੰਦਾ ਹੈ ਗਾਂਧੀ ਦਾ ਬੁੱਤ ਸਿੱਖਾਂ ਨੇ ਤੋੜ ਦਿੱਤਾ, ਕਦੇ ਇਹ ਆਖਦਾ ਹੈ ਕਿ ਸਿੱਖਾਂ ਨੇ ਨਫਰਤੀ ਪ੍ਰਚਾਰ ਕੀਤਾ। ਜਦਕਿ ਇਹੋ ਜਿਹੇ ਫਾਸ਼ੀਵਾਦੀ ਦਾ ਕੈਨੇਡਾ ਦੀ ਪਾਰਲੀਮੈਂਟ 'ਚ ਹੋਣਾ ਸਿਰਫ ਵਿਦੇਸ਼ੀ ਦਖਲ ਅੰਦਾਜ਼ੀ ਹੈ।

ਉਨ੍ਹਾਂ ਕਿਹਾ ਕਿ 329 ਬੇਕਸੂਰ ਮੁਸਾਫਰਾਂ ਦੀ ਜਾਨ ਲੈਣ ਵਾਲੇ ਏਅਰ ਇੰਡੀਆ ਦੁਖਾਂਤ ਜਾਂਚ ਦੀ ਪਟੀਸ਼ਨ ਡੂੰਘੀ ਮੰਗ ਕਰਦੀ ਹੈ ਕਿ ਹਰ ਪਾਸਿਓਂ ਹੀ ਇਸ ਬੰਬ ਧਮਾਕੇ ਦੀ ਘਟਨਾ ਦੀ ਜਾਂਚ ਹੋਵੇ। ਉਸ ਲਈ ਜਿਹੜੇ ਵੀ ਦੋਸ਼ੀ ਹਨ ਉਨ੍ਹਾਂ ਨੂੰ ਜਿੰਮੇਵਾਰ ਗਰਦਾਨਿਆ ਜਾਏ, ਨਾ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾਏ। ਜੇ ਚੰਦਰ ਆਰੀਆ ਮੁਤਾਬਿਕ ਇਹ ਕਾਰਾ ਕੈਨੇਡਾ ਦੇ ਖਾਲਿਸਤਾਨੀਆਂ ਨੇ ਕੀਤਾ ਹੈ, ਤਾਂ ਫਿਰ ਉਸ ਨੂੰ ਕਿਹੜੀ ਚਿੰਤਾ ਸਤਾ ਰਹੀ ਹੈ ਕਿ ਇੰਡੀਅਨ ਏਜੰਸੀਆਂ ਦੀ ਜਾਂਚ ਨਾ ਹੋਵੇ। ਚੰਦਰ ਆਰੀਆ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਲਈ ਸਰੀ ਤੋਂ ਵਿਸ਼ੇਸ਼ ਤੌਰ 'ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਸੇਵਾਦਾਰ ਭਾਈ ਨਰਿੰਦਰ ਸਿੰਘ ਖਾਲਸਾ, ਸਿੱਖਸ ਫਾਰ ਜਸਟਿਸ ਤੋਂ ਮਨਜਿੰਦਰ ਸਿੰਘ ਖਾਲਸਾ, ਅਜੇਪਾਲ ਸਿੰਘ ਐਡਮਿੰਟਨ ਤੋਂ  ਗੁਲਜਾਰ ਸਿੰਘ ਨਿਰਮਾਣ ਅਤੇ ਮਲਕੀਤ ਸਿੰਘ ਢੇਸੀ ਵਡੀ ਗਿਣਤੀ ਅੰਦਰ ਆਪਣੇ ਸਾਥੀਆਂ ਸਮੇਤ ਪਹੁੰਚੇ ਹੋਏ ਸਨ ।


Inder Prajapati

Content Editor

Related News