700 ਤੋਂ ਵਧੇਰੇ ਪ੍ਰਵਾਸੀਆਂ ਨੇ ਛੋਟੀਆਂ ਕਿਸ਼ਤੀਆਂ ''ਚ ਪਾਰ ਕੀਤਾ ਇੰਗਲਿਸ਼ ਚੈਨਲ, ਸਰਕਾਰ ਦੀ ਵਧੀ ਚਿੰਤਾ
Sunday, Sep 22, 2024 - 11:29 PM (IST)
ਲੰਡਨ : ਬ੍ਰਿਟੇਨ ਦੇ ਗ੍ਰਹਿ ਮੰਤਰਾਲਾ ਦੇ ਦਫਤਰ ਨੇ ਕਿਹਾ ਕਿ ਸ਼ਨੀਵਾਰ ਨੂੰ 707 ਲੋਕਾਂ ਨੇ ਛੋਟੀਆਂ ਕਿਸ਼ਤੀਆਂ 'ਚ ਇੰਗਲਿਸ਼ ਚੈਨਲ ਨੂੰ ਪਾਰ ਕੀਤਾ, ਜੋ ਇਸ ਸਾਲ ਹੁਣ ਤੱਕ ਦਾ ਚੌਥੀ ਸਭ ਤੋਂ ਵੱਧ ਰੋਜ਼ਾਨਾ ਗਿਣਤੀ ਹੈ। 2024 'ਚ ਹੁਣ ਤੱਕ ਇਸੇ ਤਰੀਕੇ ਆਉਣ ਵਾਲਿਆਂ ਦੀ ਕੁੱਲ ਗਿਣਤੀ ਹੁਣ 24,335 ਹੋ ਗਈ ਹੈ। 18 ਜੂਨ ਨੂੰ ਇਸੇ ਤਰੀਕੇ ਸਭ ਤੋਂ ਵਧੇਰੇ 882 ਲੋਕ ਇਥੇ ਪਹੁੰਚੇ ਸਨ। ਜੁਲਾਈ ਵਿਚ ਲੇਬਰ ਪਾਰਟੀ ਦੇ ਚੋਣ ਜਿੱਤਣ ਤੋਂ ਬਾਅਦ 10,000 ਤੋਂ ਵੱਧ ਲੋਕ ਚੈਨਲ ਪਾਰ ਕਰ ਚੁੱਕੇ ਹਨ।
ਸਰਕਾਰ ਨੇ ਕਿਹਾ ਕਿ ਉਹ ਕ੍ਰਾਸਿੰਗਾਂ ਨੂੰ ਰੋਕਣ ਲਈ ਆਪਣੀ ਬਿਡ ਨੂੰ ਬਦਲ ਰਹੀ ਹੈ। ਸਾਬਕਾ ਪੁਲਸ ਮੁਖੀ ਮਾਰਟਿਨ ਹੈਵਿਟ ਨੂੰ ਇਸਦੇ ਨਵੇਂ ਬਾਰਡਰ ਸੁਰੱਖਿਆ ਕਮਾਂਡਰ ਵਜੋਂ ਭਰਤੀ ਕੀਤਾ ਗਿਆ ਹੈ। ਨਵਾਂ ਮਾਮਲਾ ਪ੍ਰਧਾਨ ਮੰਤਰੀ ਦੇ ਕਹਿਣ ਤੋਂ ਕੁਝ ਦਿਨ ਬਾਅਦ ਸਾਹਮਣੇ ਆਇਆ ਹੈ ਜਦੋਂ ਉਨ੍ਹਾਂ ਕਿਹਾ ਕਿ ਉਹ ਛੋਟੀਆਂ ਕਿਸ਼ਤੀਆਂ ਦੇ ਚੈਨਲ ਕ੍ਰਾਸਿੰਗਾਂ ਨੂੰ ਰੋਕਣ ਲਈ 'ਮਨਮਾਨੀ ਤਾਰੀਖ ਨਹੀਂ ਲਗਾਉਣ ਜਾ ਰਹੇ'। ਬੀਬੀਸੀ ਦੱਖਣ ਪੂਰਬ ਨਾਲ ਇੱਕ ਇੰਟਰਵਿਊ ਵਿਚ, ਸਰ ਕੀਅਰ ਸਟਾਰਮਰ ਨੇ ਕਿਹਾ ਕਿ ਉਹ ਤਸਕਰੀ ਕਰਨ ਵਾਲੇ ਗਿਰੋਹਾਂ ਨਾਲ ਨਜਿੱਠਣ ਲਈ 'ਪੂਰੀ ਤਰ੍ਹਾਂ ਦ੍ਰਿੜ' ਹਨ ਜੋ ਕ੍ਰਾਸਿੰਗ ਦੀ ਸਹੂਲਤ ਦਿੰਦੇ ਹਨ, ਪਰ ਅਜਿਹਾ ਕਰਨ ਲਈ ਇੱਕ ਸਮਾਂ ਸੀਮਾ ਲਈ ਵਚਨਬੱਧ ਨਹੀਂ ਹੋਣਗੇ।
ਛੋਟੀਆਂ ਕਿਸ਼ਤੀਆਂ ਮਨੁੱਖੀ ਜਾਨਾਂ ਲਈ ਖਤਰਾ : ਗ੍ਰਹਿ ਸਕੱਤਰ
ਗ੍ਰਹਿ ਸਕੱਤਰ ਯਵੇਟ ਕੂਪਰ ਨੇ ਕਿਹਾ ਹੈ ਕਿ ਸਰਕਾਰ ਛੋਟੀਆਂ ਕਿਸ਼ਤੀ ਪਾਰ ਕਰਨ ਦੀ ਕੋਸ਼ਿਸ਼ ਨੂੰ ਰੋਕਣ ਲਈ ਯੂਰਪੀਅਨ ਪੁਲਸ ਬਲਾਂ ਨਾਲ ਕੰਮ ਕਰੇਗੀ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਾਲ ਇਸ ਮੁੱਦੇ 'ਤੇ ਚਰਚਾ ਕੀਤੀ। ਗ੍ਰਹਿ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਸਾਰੇ ਖਤਰਨਾਕ ਛੋਟੀਆਂ ਕਿਸ਼ਤੀ ਕ੍ਰਾਸਿੰਗਾਂ ਨੂੰ ਖਤਮ ਕਰਨਾ ਚਾਹੁੰਦੇ ਹਾਂ, ਜੋ ਮਨੁੱਖੀ ਜਾਨਾਂ ਲਈ ਖਤਰਾ ਹਨ ਤੇ ਸਾਡੀ ਸਰਹੱਦ ਸੁਰੱਖਿਆ ਨੂੰ ਕਮਜ਼ੋਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੇ ਕਾਰੋਬਾਰੀ ਮਾਡਲਾਂ ਨੂੰ ਖਤਮ ਕਰਨ ਅਤੇ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਹਰ ਕਦਮ ਚੁੱਕਾਂਗੇ। 15 ਸਤੰਬਰ ਨੂੰ ਉਸ ਵੇਲੇ 8 ਲੋਕਾਂ ਦੀ ਮੌਤ ਹੋ ਗਈ ਜਦੋਂ 60 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਛੋਟੀ ਕਿਸ਼ਤੀ ਨਾਲ ਫਰਾਂਸ ਦੇ ਤੱਟ 'ਤੇ ਹਾਦਸਾ ਵਾਪਰ ਗਿਆ। ਜਦੋਂ ਕਿ 2024 'ਚ ਹੁਣ ਤਕ ਇਸੇ ਤਰ੍ਹਾਂ ਦੇ ਹਾਦਸਿਆਂ ਵਿਚ 45 ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੀ ਕੰਜ਼ਰਵੇਟਿਵ ਸਰਕਾਰ ਨੇ ਕਿਸ਼ਤੀਆਂ ਨੂੰ ਰੋਕਣਾ ਕੇਂਦਰੀ ਵਾਅਦਾ ਕੀਤਾ ਸੀ, ਪਰ ਲੇਬਰ ਸਰਕਾਰ ਨੇ ਅਜਿਹਾ ਕਹਿਣ ਤੋਂ ਟਾਲਾ ਵੱਟਿਆ।