ਉਮੀਦ ਨਾਲੋਂ ਵੀ ਵੱਧ ਬਿਹਤਰ ਰਿਹਾ ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ ਦੌਰਾ : ਤਰਨਜੀਤ ਸੰਧੂ
Thursday, Jun 29, 2023 - 10:39 AM (IST)
ਜਲੰਧਰ (ਇੰਟ.)- ਭਾਰਤੀ ਰਾਜਦੂਤ ਤਰਨਜੀਤ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦੌਰਾ ਉਮੀਦ ਨਾਲੋਂ ਵੱਧ ਬਿਹਤਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਜੋ ਸਮਝੌਤੇ ਹੋਏ ਹਨ, ਉਹ ਭਾਰਤ ਦੀਆਂ ਸਰਹੱਦਾਂ, ਫੌਜ ਨੂੰ ਮਜ਼ਬੂਤ ਅਤੇ ਸਾਇੰਸ ਨੂੰ ਖੁਸ਼ਹਾਲ ਕਰਨਗੇ।
ਲੰਬੇ ਸਮੇਂ ਤੱਕ ਜਾਰੀ ਰਹੇਗੀ ਪਾਰਟਨਰਸ਼ਿਪ
ਮੀਡੀਆ ਨੂੰ ਦਿੱਤੀ ਇਕ ਇੰਟਰਵਿਊ ਵਿਚ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਵਾਂ ਦੇਸ਼ਾਂ ਦਰਮਿਆਨ ਗੁੰਝਲਦਾਰ ਤਕਨੀਕਾਂ ਨੂੰ ਸੁਰੱਖਿਅਤ ਰੱਖਣ ਅਤੇ ਆਪਸ ਵਿਚ ਵੰਡਣ ਦਾ ਸਮਝੌਤਾ ਵੀ ਹੋਇਆ ਹੈ। ਇਸ ਦੇ ਨਾਲ ਹੀ ਇਨੀਸ਼ਿਏਟਿਵ ਆਨ ਕ੍ਰਿਟੀਕਲ ਐਂਡ ਇਮਰਜਿੰਗ ਟੈਕਨਾਲੋਜੀ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਹਾਲਾਂਕਿ ਇਸ ਦੀ ਸ਼ੁਰੂਆਤ ਇਸ ਸਾਲ ਜਨਵਰੀ ਵਿਚ ਹੋ ਗਈ ਸੀ ਪਰ ਅਧਿਕਾਰਕ ਐਲਾਨ ਪੀ.ਐੱਮ. ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਕੀਤਾ ਗਿਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਦੋਵੇਂ ਦੇਸ਼ ਚੋਣ ਸਾਲ ਵਿਚ ਦਾਖਲ ਹੋਣ ਵਾਲੇ ਹਨ ਅਤੇ ਇਹ ਆਉਣ ਵਾਲੇ ਸਮੇਂ ਵਿਚ ਕਾਇਮ ਰਹਿਣਗੇ ਕਿ ਨਹੀਂ , ਇਸ ’ਤੇ ਸੰਧੂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਇੰਨੇ ਮਜ਼ਬੂਤ ਹਨ ਕਿ ਅਮਰੀਕਾ ਦੇ ਪਿਛਲੇ ਸ਼ਾਸਨ ਅਤੇ ਪ੍ਰਸ਼ਾਸਨ ਦੌਰਾਨ ਜੋ ਸਮਝੌਤੇ ਹੋਏ ਸਨ, ਉਹ ਵੀ ਕਾਇਮ ਹਨ। ਸੰਧੂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਇਹ ਪਾਰਟਨਰਸ਼ਿਪ ਜਾਰੀ ਰਹੇਗੀ।
ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਅਮਰੀਕਾ ਦੀ ਧਰਤੀ 'ਤੇ ਬਾਬਾ ਸਾਹਿਬ ਅੰਬੇਡਕਰ ਦੇ ਨਾਂ 'ਤੇ ਰੱਖਿਆ ਗਿਆ 'ਚੌਰਾਹੇ' ਦਾ ਨਾਮ (ਤਸਵੀਰਾਂ)
ਭਵਿੱਖ ’ਚ ਵੀ ਜਾਰੀ ਰਹਿ ਸਕਦੇ ਹਨ ਰੱਖਿਆ ਸੌਦੇ
ਅਮਰੀਕਾ ਨੇ ਭਾਰਤ ਵਿਚ ਜੀ. ਈ. ਏਅਰੋਸਪੇਸ ਕੰਪਨੀ ਦੇ ਇੰਜਣ ਮੈਨਿਊਫੈਕਚਰਿੰਗ ਪਲਾਂਟ ਨੂੰ ਲਾਉਣ ਦਾ ਕਰਾਰ ਕੀਤਾ ਹੈ। ਭਾਵ ਫਾਈਟਰ ਜੈੱਟਸ ਦੇ ਇੰਜਣ ਦੇਸ਼ ਵਿਚ ਹੀ ਬਣਨਗੇ, ਇਸ ਵਿਚ ਭਾਰਤ ਤੋਂ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ, ਜੀ. ਈ. ਏਅਰੋਸਪੇਸ ਦੀ ਮਦਦ ਕਰੇਗੀ। ਇਸ ਪਲਾਂਟ ਵਿਚ ਭਾਰਤੀ ਹਵਾਈ ਫੌਜ ਦੇ ਹਲਕੇ ਜੰਗੀ ਜਹਾਜ਼ ਤੇਜਸ ਦੇ ਮੇਕ-2 ਵੇਰੀਐਂਟ ਲਈ ਇੰਜਣ ਬਣਾਏ ਜਾਣਗੇ। ਸੰਧੂ ਨੇ ਇਸ ਤਰ੍ਹਾਂ ਦੇ ਭਵਿੱਖ ਵਿਚ ਰੱਖਿਆ ਸਮਝੌਤੇ ਹੋਣ ਦੀ ਵੀ ਉਮੀਦ ਪ੍ਰਗਟਾਈ ਹੈ। ਭਾਰਤੀ ਰਾਜਦੂਤ ਨੇ ਕਿਹਾ ਕਿ ਉਹ ਪਹਿਲਾਂ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਸਕਿਲ ਡਿਵੈਲਪਮੈਂਟ ਨੂੰ ਲੈ ਕੇ ਦੋਵੇਂ ਦੇਸ਼ ਪਹਿਲਾਂ ਤੋਂ ਹੀ ਕੰਮ ਕਰ ਰਹੇ ਹਨ। ਗੁੰਝਲਦਾਰ ਤਕਨੀਕਾਂ ਨੂੰ ਆਪਸ ਵਿਚ ਸਾਂਝਾ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਦੋਵਾਂ ਦੇਸ਼ਾਂ ਦਰਮਿਆਨ ਵ੍ਹਾਈਟ ਹਾਊਸ ਵਿਚ ਇਸ ’ਤੇ ਚਰਚਾ ਹੋਈ ਹੈ, ਜਿਸ ਵਿਚ ਅਮਰੀਕਾ ਦੀਆਂ ਟਾਪ ਟੈੱਕ ਕੰਪਨੀਆਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁੁਮੈਂਟ ਕਰ ਦਿਓ ਰਾਏ।