ਪਾਕਿ ''ਚ ਬੰਦੂਕਧਾਰੀਆਂ ਦੇ ਹਮਲੇ ''ਚ ਵਿਧਾਇਕ ਜ਼ਖਮੀ, ਉਸ ਦੇ ਭਰਾ-ਭਤੀਜੇ ਸਮੇਤ ਚਾਰ ਲੋਕਾਂ ਦੀ ਮੌਤ
Sunday, Aug 07, 2022 - 03:53 PM (IST)
ਪੇਸ਼ਾਵਰ (ਏਜੰਸੀ)- ਉੱਤਰ-ਪੱਛਮੀ ਪਾਕਿਸਤਾਨ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਿਆਸੀ ਪਾਰਟੀ ਦੇ ਸੂਬਾਈ ਵਿਧਾਇਕ ਨੂੰ ਨਿਸ਼ਾਨਾ ਬਣਾ ਕੇ ਬੰਦੂਕਧਾਰੀਆਂ ਵੱਲੋਂ ਕੀਤੇ ਗਏ ਹਮਲੇ 'ਚ ਉਸ ਦੇ ਭਰਾ-ਭਤੀਜੇ ਅਤੇ ਦੋ ਪੁਲਸ ਮੁਲਾਜ਼ਮਾਂ ਸਮੇਤ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਇਸ ਹਮਲੇ 'ਚ ਵਿਧਾਇਕ ਜ਼ਖਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਵਿਧਾਇਕ ਮਲਿਕ ਲਿਆਕਤ ਖਾਨ ਹਮਲੇ 'ਚ ਜ਼ਖਮੀ ਹੋ ਗਏ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ 9 ਸੰਸਦੀ ਸੀਟਾਂ 'ਤੇ ਉਪ ਚੋਣਾਂ ਲੜਨਗੇ ਇਮਰਾਨ
ਹਾਲਾਂਕਿ ਸ਼ਨੀਵਾਰ ਦੇਰ ਰਾਤ ਹੋਏ ਹਮਲੇ ਵਿੱਚ ਤਿੰਨ ਹੋਰਾਂ ਦੇ ਨਾਲ ਜ਼ਖਮੀ ਹੋਏ ਵਿਧਾਇਕ ਨੂੰ ਸੂਬਾਈ ਰਾਜਧਾਨੀ ਪੇਸ਼ਾਵਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ। ਜਾਣਕਾਰੀ ਮੁਤਾਬਕ ਇਹ ਹਮਲਾ ਰੂੜ੍ਹੀਵਾਦੀ ਖੈਬਰ ਪਖਤੂਨਖਵਾ ਸੂਬੇ ਦੇ ਲੋਅਰ ਦੀਰ ਜ਼ਿਲੇ ਦੇ ਮੈਦਾਨੀ ਇਲਾਕੇ 'ਚ ਹੋਇਆ। ਇਸ ਸੂਬੇ ਵਿੱਚ ਇਮਰਾਨ ਖਾਨ ਦੀ ਪਾਰਟੀ ਦੀ ਸਰਕਾਰ ਹੈ। ਪੁਲਸ ਅਧਿਕਾਰੀ ਜਾਰ ਬਾਦਸ਼ਾਹ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿੱਚ ਪੀਟੀਆਈ ਵਿਧਾਇਕ ਦਾ ਭਤੀਜਾ ਅਤੇ ਭਰਾ ਵੀ ਸ਼ਾਮਲ ਹਨ। ਦੋਵੇਂ ਸ਼ਨੀਵਾਰ ਦੇਰ ਰਾਤ ਅੰਤਿਮ ਸੰਸਕਾਰ 'ਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ।