ਆਸਟ੍ਰੇਲੀਆ ''ਚ ਲਾਪਤਾ ਹੋਈ ਭਾਰਤੀ ਮੂਲ ਦੀ ਔਰਤ, ਪੁਲਸ ਨੇ ਕੀਤੀ ਜਨਤਕ ਅਪੀਲ

03/03/2018 12:01:47 PM

ਵਿਕਟੋਰੀਆ— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਇਕ ਔਰਤ ਲਾਪਤਾ ਹੋ ਗਈ ਹੈ। ਪੁਲਸ ਨੇ ਉਸ ਦੀ ਭਾਲ ਲਈ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਹੈ। ਔਰਤ ਦਾ ਨਾਂ ਐਂਜੀਲਾ ਪਾਲ ਹੈ, ਜਿਸ ਨੂੰ ਵਿਕਟੋਰੀਆ 'ਚ ਮਈ 1984 'ਚ ਦੇਖਿਆ ਗਿਆ ਸੀ, ਇਸ ਸਮੇਂ ਉਸ ਦੀ ਉਮਰ ਤਕਰੀਬਨ 60 ਸਾਲ ਦੀ ਹੋਵੇਗੀ। ਪੁਲਸ ਦਾ ਕਹਿਣਾ ਹੈ ਕਿ ਭਾਰਤੀ ਮੂਲ ਦੀ ਔਰਤ 1973 'ਚ ਟੂਰਿਸਟ ਵੀਜ਼ੇ 'ਤੇ ਇਕ ਮਹੀਨੇ ਲਈ ਆਸਟ੍ਰੇਲੀਆ ਆਈ ਸੀ ਅਤੇ ਇੱਥੇ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੀ ਸੀ। ਐਂਜੀਲਾ ਨੇ ਆਪਣੇ ਵੱਖ-ਵੱਖ ਉਪਨਾਮ ਰੱਖੇ ਹੋਏ ਸਨ ਅਤੇ ਉਹ 1973 ਤੋਂ 1984 ਦਰਮਿਆਨ ਵੱਖ-ਵੱਖ ਸੂਬਿਆਂ ਵਿਚ ਰਹੀ। 
ਐਂਜੀਲਾ ਦੇ ਇਕ ਫਿਜੀ-ਭਾਰਤੀ ਜੌਨ ਨਾਂ ਦੇ ਵਿਅਕਤੀ ਨਾਲ ਲੰਬੇ ਸਮੇਂ ਤੱਕ ਸੰਬੰਧ ਸਨ। ਜੋੜਾ 1977 'ਚ ਪੱਛਮੀ ਆਸਟ੍ਰੇਲੀਆ ਚਲਾ ਗਿਆ ਅਤੇ ਵਿਨਸੈਟ ਨਾਂ ਦਾ ਉਨ੍ਹਾਂ ਦਾ ਇਕ ਪੁੱਤਰ ਸੀ। 1980 ਦੀ ਸ਼ੁਰੂਆਤ 'ਚ ਜੋੜਾ ਮੁੜ ਵਿਕਟੋਰੀਆ ਆ ਗਿਆ। ਵਿਕਟੋਰੀਆ 'ਚ 1984 'ਚ ਐਂਜੀਲਾ ਦੋ ਵੱਖ-ਵੱਖ ਪਤਿਆਂ 'ਤੇ ਰਹਿ ਰਹੀ ਸੀ। ਇਕ ਜਿੱਥੇ ਉਸ ਦਾ ਪੁੱਤਰ ਰਹਿੰਦਾ ਸੀ ਅਤੇ ਦੂਜਾ ਜਿੱਥੇ ਉਸ ਦੀ ਭੈਣ ਰਹਿੰਦੀ ਸੀ। 2 ਮਈ 1984 'ਚ ਐਂਜੀਲਾ ਲਾਪਤਾ ਹੋ ਗਈ। ਐਂਜੀਲਾ ਦੀ ਮਾਂ ਨੇ ਉਸ ਦੀ ਗੁੰਮਸ਼ੁੰਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਜੋ ਕਿ 1992 ਤੋਂ ਸਿਡਨੀ 'ਚ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਐਂਜੀਲਾ 1984 ਤੋਂ ਬਾਅਦ ਆਪਣੇ ਪੁੱਤਰ ਤੋਂ ਵੱਖ ਹੋ ਗਈ ਸੀ। ਇਸ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਉਹ ਜਿਊਂਦੀ ਵੀ ਹੈ ਜਾਂ ਨਹੀਂ।


Related News