ਪਾਕਿਸਤਾਨ ’ਚ 12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ, 16 ਦਿਨ ਬਾਅਦ ਦਰਜ ਹੋਇਆ ਕੇਸ

Sunday, Aug 22, 2021 - 04:43 PM (IST)

ਪਾਕਿਸਤਾਨ ’ਚ 12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ, 16 ਦਿਨ ਬਾਅਦ ਦਰਜ ਹੋਇਆ ਕੇਸ

ਮੁਜ਼ੱਫਰਗੜ੍ਹ/ਪਾਕਿਸਤਾਨ— ਪਾਕਿਸਤਾਨ ਤੋਂ ਜਬਰ-ਜ਼ਿਨਾਹ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ, ਜਿਸ ਨੇ ਦੇਸ਼ ਵਿਚ ਮਹਿਲਾ ਸੁਰੱਖਿਆ ਦੀ ਚਿੰਤਾ ਵਧਾ ਦਿੱਤੀ ਹੈ। ‘ਦਿ ਡਾਨ’ ਦੀ ਰਿਪੋਰਟ ਮੁਤਾਬਕ ਮੁਜ਼ੱਫਰਗੜ੍ਹ ਦੇ ਵਾਸੰਡੀਵਲੀ ਇਲਾਕੇ ਵਿਚ 1 ਅਗਸਤ ਨੂੰ 2 ਲੋਕਾਂ ਨੇ ਕਰੀਬ 12 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕੀਤਾ। ਬੱਚੀ ਦੀ ਮਾਂ ਨੇ ਦੋਸ਼ ਲਾਇਆ ਕਿ ਉਸ ਦੀ ਧੀ ਨਾਲ ਕੁੱਟਮਾਰ ਵੀ ਕੀਤੀ, ਜਦੋਂ ਉਹ ਸ਼ਾਮ ਨੂੰ ਘਰ ਪਰਤ ਰਹੀ ਸੀ। 1 ਅਗਸਤ ਨੂੰ ਵਾਪਰੀ ਇਸ ਘਟਨਾ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰਨ ਵਿਚ ਵੀ 16 ਦਿਨ ਦੀ ਦੇਰੀ ਕੀਤੀ। 16 ਅਗਸਤ ਨੂੰ ਐੱਫ. ਆਈ. ਆਰ. ਦਰਜ ਕੀਤੀ ਗਈ। 

ਦੱਸ ਦੇਈਏ ਕਿ ਹਾਲ ਹੀ ’ਚ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ’ਚ 14 ਅਗਸਤ ਨੂੰ ਮੀਨਾਰ-ਏ-ਪਾਕਿਸਤਾਨ ਨੇੜੇ ਪੁਰਸ਼ਾਂ ਦੀ ਭੀੜ ਇਕ ਮਹਿਲਾ ਨੂੰ ਮਾਰਦੇ ਹੋਏ ਨਜ਼ਰ ਆ ਰਹੀ ਹੈ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਟਿਕਟਾਕ ਵੀਡੀਓ ਲਈ ਮਸ਼ਹੂਰ ਮਹਿਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਕਰੀਬ 400 ਲੋਕਾਂ ਦੀ ਭੀੜ ਨੇ ਉਸ ’ਤੇ ਅਤੇ ਉਸ ਦੇ ਦੋਸਤ ’ਤੇ ਉਸ ਸਮੇਂ ਹਮਲਾ ਕਰ ਦਿੱਤਾ, ਜਦੋਂ ਉਹ ਇਕ ਵੀਡੀਓ ਬਣਾ ਰਹੀ ਸੀ। ਦੱਸ ਦੇਈਏ ਕਿ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਸਾਲ 2020 ਲਈ ਜਾਰੀ ਪਾਕਿਸਤਾਨ ਵਿਚ ਮਨੁੱਖੀ ਅਧਿਕਾਰ ਰਾਜ ਦੀ ਸਲਾਨਾ ਰਿਪੋਰਟ ’ਚ ਦੇਸ਼ ਵਿਚ ਔਰਤਾਂ ਦੀ ਦੁਰਦਸ਼ਾ ਦਾ ਵਿਸਥਾਰ ਨਾਲ ਵਰਣਨ ਕੀਤਾ ਗਿਆ ਹੈ। 


author

Tanu

Content Editor

Related News