ਉੱਤਰੀ ਕੋਰੀਆ ''ਤੇ ਸਖਤ ਪਾਬੰਦੀਆਂ ਲਗਾਉਣ ਨੂੰ ਲੈ ਕੇ ਵਿਚਾਰ ਕਰਨਗੇ ਅਮਰੀਕਾ ਅਤੇ ਦੱਖਣੀ ਕੋਰੀਆ

08/29/2017 10:14:32 AM

ਸੋਲ— ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਅਤੇ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਵਿਚ ਉੱਤਰੀ ਕੋਰੀਆ 'ਤੇ ਸਖਤ ਪਾਬੰਦੀਆਂ ਲਗਾਉਣ 'ਤੇ ਵਿਚਾਰ ਕਰਨ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਉੱਤਰੀ ਕੋਰੀਆ ਵੱਲੋਂ ਮੰਗਲਵਾਰ ਸਵੇਰੇ ਆਪਣੀ ਰਾਜਧਾਨੀ ਪਿਅੋਂਗਯਾਂਗ ਵਿਚ ਪੂਰਬੀ ਤੱਟ ਤੋਂ ਸਮੁੰਦਰ ਵੱਲ ਮਿਜ਼ਾਈਲ ਪਰੀਖਣ ਕੀਤੇ ਜਾਣ ਮਗਰੋਂ ਦੋਹਾਂ ਦੇਸ਼ਾਂ ਵਿਚ ਇਹ ਸਹਿਮਤੀ ਬਣੀ। ਇਹ ਮਿਜ਼ਾਈਲ ਜਾਪਾਨ ਦੇ ਉੱਪਰੋਂ ਦੀ ਲੰਘੀ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਦਫਤਰ ਬਲਿਊ ਹਾਊਸ ਦੇ ਬੁਲਾਰਾ ਯੋਨ ਯੋਂਗ ਚਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਵੱਲੋਂ ਮੰਗਲਵਾਰ ਨੂੰ ਮਿਜ਼ਾਈਲ ਪਰੀਖਣ ਕਰਨ ਮਗਰੋਂ ਦੱਖਣੀ ਕੋਰੀਆਈ ਲੜਾਕੂ ਜਹਾਜ਼ਾਂ ਨੇ ਬੰਬਾਰੀ ਦਾ ਅਭਿਆਸ ਕੀਤਾ। ਦੱਖਣੀ ਕੋਰੀਆ ਦੀ ਇਕ ਸਮਾਚਾਰ ਏਜੰਸੀ ਨੇ ਰਾਸ਼ਟਰਪਤੀ ਦਫਤਰ ਦੇ ਇਕ ਹੋਰ ਸੂਤਰ ਦੇ ਹਵਾਲੇ ਤੋਂ ਦੱਸਿਆ ਕਿ ਅਮਰੀਕੀ ਫੌਜ ਕੋਰੀਆਈ ਪ੍ਰਾਇਦੀਪ ਵਿਚ ਰਣਨੀਤਕ ਹਥਿਆਰਾਂ ਦੀ ਤੈਨਾਤੀ ਨੂੰ ਲੈ ਕੇ ਵਿਚਾਰ ਕਰ ਰਹੀ ਹੈ।


Related News