ਰੂਸ ਅਤੇ ਉੱਤਰ ਕੋਰੀਆ ਵਿਚਾਲੇ ਵੱਡਾ ਸਮਝੌਤਾ, ਹਮਲਾ ਹੋਣ ''ਤੇ ਦੋਵੇਂ ਮਿਲ ਕੇ ਦੇਣਗੇ ਜਵਾਬ

06/19/2024 5:10:49 PM

ਸਿਓਲ (ਏਜੰਸੀ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਪਿਓਂਗਯਾਂਗ 'ਚ ਇਕ ਸਿਖਰ ਵਾਰਤਾ ਦੌਰਾਨ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਲੈ ਕੇ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ। ਦੋਹਾਂ ਦੇਸ਼ਾਂ ਵਿਚਾਲੇ ਇਸ ਕਵਾਇਦ ਨੂੰ ਆਰਥਿਕ ਅਤੇ ਫ਼ੌਜੀ ਸਹਿਯੋਗ ਵਧਾਉਣ ਅਤੇ ਅਮਰੀਕਾ ਖ਼ਿਲਾਫ਼ ਸੰਯੁਕਤ ਮੋਰਚਾ ਤਿਆਰ ਕਰਨ ਦੇ ਤਰੀਕੇ ਵਜੋਂ ਦੇਖਿਆ ਜਾ ਰਿਹਾ ਹੈ। ਪੁਤਿਨ ਦੀ ਇਹ ਯਾਤਰਾ ਹਥਿਆਰਾਂ ਦੀ ਉਸ ਵਿਵਸਥਾ ਨੂੰ ਲੈ ਕੇ ਵਧਦੀਆਂ ਰਹੀਆਂ ਚਿੰਤਾਵਾਂ ਦਰਮਿਆਨ ਹੋ ਰਹੀ ਹੈ, ਜਿਸ ਦੇ ਤਹਿਤ ਉੱਤਰੀ ਕੋਰੀਆ ਯੂਕ੍ਰੇਨ ਨਾਲ ਯੁੱਧ ਲਈ ਜ਼ਰੂਰੀ ਹਥਿਆਰ ਰੂਸ ਨੂੰ ਮੁਹੱਈਆ ਕਰਵਾ ਰਿਹਾ ਅਤੇ ਜਿਸ ਦੇ ਬਦਲੇ ਆਰਥਿਕ ਮਦਦ ਅਤੇ ਤਕਨਾਲੋਜੀ ਮਿਲਦੀ ਹੈ। ਰੂਸ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਪੁਤਿਨ ਅਤੇ ਕਿਮ ਵਿਚਕਾਰ ਬੈਠਕ ਕਰੀਬ 2 ਘੰਟੇ ਚੱਲੀ, ਜਦੋਂਕਿ ਬੈਠਕ ਦਾ ਸਮਾਂ ਇਕ ਘੰਟੇ ਤੈਅ ਕੀਤਾ ਗਿਆ ਸੀ। ਉੱਤਰੀ ਕੋਰੀਆ ਦੇ ਨੇਤਾ ਨਾਲ ਆਪਣੀ ਗੱਲਬਾਤ ਦੀ ਸ਼ੁਰੂਆਤ 'ਚ ਪੁਤਿਨ ਨੇ ਕਿਹਾ ਕਿ ਰੂਸ ਅਤੇ ਉੱਤਰੀ ਕੋਰੀਆ ਆਰਥਿਕ ਅਤੇ ਫ਼ੌਜੀ ਸਹਿਯੋਗ ਨੂੰ ਵਧਾਉਣ ਲਈ ਇਕ ਸਮਝੌਤੇ 'ਤੇ ਦਸਤਖ਼ਤ ਕਰਨਗੇ ਕਿਉਂਕਿ ਉਹ ਰੂਸੀ ਸੰਘ ਦੇ ਵਿਰੁੱਧ ਅਮਰੀਕਾ ਅਤੇ ਉਸ ਦੇ ਉਪਗ੍ਰਹਿਆਂ ਦੀ ਸਾਮਰਾਜਵਾਦੀ ਹੇਜੀਮੋਨਿਕ ਨੀਤੀਆਂ ਦੇ ਵਿਰੁੱਧ ਸੰਘਰਸ਼ ਕਰ ਰਹੇ ਹਨ। ਉੱਤਰ ਕੋਰੀਆ ਦੇ ਪਰਮਾਣੂ ਹਥਿਆਰ ਪ੍ਰੋਗਰਾਮ ਕਾਰਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਉਸ 'ਤੇ ਸਖ਼ਤ ਆਰਥਿਕ ਪਾਬੰਦੀਆਂ ਲਗਾਈਆਂ ਹਨ, ਉੱਥੇ ਹੀ ਯੂਕ੍ਰੇਨ ਖ਼ਿਲਾਫ਼ ਯੁੱਧ ਕਾਰਨ ਰੂਸ ਵੀ ਅਮਰੀਕਾ ਅਤੇ ਉਸ ਦੇ ਪੱਛਮੀ ਸਾਂਝੇਦਾਰਾਂ ਦੀਆਂ ਸਖ਼ਤ ਆਰਥਿਕ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ। ਪੁਤਿਨ ਅਤੇ ਕਿਮ ਨੇ ਸਾਫ਼ ਕੀਤਾ ਕਿ ਰੂਸ ਜਾਂ ਉੱਤਰ ਕੋਰੀਆ 'ਚੋਂ ਕਿਸੇ 'ਤੇ ਤੀਜੇ ਦੇਸ਼ ਨੇ ਹਮਲਾ ਕੀਤਾ ਤਾਂ ਅਸੀਂ ਇਕ-ਦੂਜੇ ਦੀ ਮਦਦ ਕਰਾਂਗੇ।

ਰੂਸੀ ਮੀਡੀਆ ਨੇ ਕਿਹਾ ਸੀ ਕਿ ਕਿਮ ਇਕ ਸਵਾਗਤ ਸਮਾਰੋਹ ਦੀ ਮੇਜ਼ਬਾਨੀ ਕਰਨਗੇ। ਪੁਤਿਨ ਦੇ ਬੁੱਧਵਾਰ ਸ਼ਾਮ ਨੂੰ ਵਿਯਤਨਾਮ ਲਈ ਰਵਾਨਾ ਹੋਣ ਦੀ ਉਮੀਦ ਹੈ। ਪੁਤਿਨ ਨੇ ਸਿਖਰ ਸੰਮੇਲਨ ਤੋਂ ਪਹਿਲਾਂ ਦੋਹਾਂ ਦੇਸ਼ਾਂ ਦਰਮਿਆਨ ਲੰਬੇ ਸਮੇਂ ਤੋਂ ਜਾਰੀ ਸੰਬੰਧਾਂ ਦੀ ਸ਼ਲਾਘਾ ਕੀਤੀ। ਕਿਮ ਨੇ ਕਿਹਾ ਕਿ ਮਾਸਕੋ ਅਤੇ ਪਿਓਂਗਯਾਂਗ ਦਰਮਿਆਨ ਹੁਣ ਸੰਬੰਧ ਸੋਵੀਅਤ ਕਾਲ ਤੋਂ ਵੀ ਵੱਧ ਮਜ਼ਬੂਤ ਹੋ ਗਏ ਹਨ। ਉਨ੍ਹਾਂ ਨੇ ਪੁਤਿਨ ਦੀ ਯਾਤਰਾ ਨੂੰ 'ਗੂੜ੍ਹੀ ਦੋਸਤੀ' ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਕਰਾਰ ਦਿੱਤਾ। ਕਿਮ ਨੇ 'ਪ੍ਰਭੁਸੱਤਾ, ਸੁਰੱਖਿਆ ਹਿੱਤਾਂ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਲਈ ਯੂਕ੍ਰੇਨ 'ਚ ਵਿਸ਼ੇਸ਼ ਫ਼ੌਜ ਮੁਹਿੰਮ ਚਲਾਉਣ 'ਚ ਰੂਸੀ ਸਰਕਾਰ, ਫੌਜ ਅਤੇ ਲੋਕਾਂ ਨੂੰ ਆਪਣੇ ਦੇਸ਼ ਦੇ ਪੂਰਨ ਸਮਰਥਨ ਅਤੇ ਇਕਜੁਟਤਾ ਦੀ ਗੱਲ ਕਹੀ।'' ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਕਿਮ ਕਿਸ ਤਰ੍ਹਾਂ ਦੇ ਸਮਰਥਨ ਦੀ ਗੱਲ ਕਰ ਰਹੇ ਸਨ। ਕਿਮ ਨੇ 'ਵਿਸ਼ਵ 'ਚ ਰਣਨੀਤਕ ਸਥਿਰਤਾ ਅਤੇ ਸੰਤੁਲਨ ਬਣਾਏ ਰੱਖਣ 'ਚ ਰੂਸ ਦੀ ਮਹੱਤਵਪੂਰਨ ਭੂਮਿਕਾ ਅਤੇ ਮਿਸ਼ਨ ਦੀ ਵੀ ਸ਼ਲਾਘਾ ਕੀਤੀ।'' ਸਿਖਰ ਗੱਲਬਾਤ ਤੋਂ ਪਹਿਲੇ ਕਿਮ ਨੇ ਸ਼ਹਿਰ ਦੇ ਮੁੱਖ ਚੌਕ 'ਤੇ ਇਕ ਸ਼ਾਨਦਾਰ ਸਮਾਰੋਹ 'ਚ ਪੁਤਿਨ ਦਾ ਸਵਾਗਤ ਕੀਤਾ ਅਤੇ ਵਿਦੇਸ਼ ਮੰਤਰੀ ਚੋਈ ਸੋਨ ਹੋਈ, ਸੀਨੀਅਰ ਸਹਿਯੋਗੀ ਅਤੇ ਸੱਤਾਧਾਰੀ ਪਾਰਟੀ ਦੇ ਸਕੱਤਰ ਜੋ ਯੋਂਗ ਵੋਨ ਅਤੇ ਆਪਣੀ ਭੈਣ ਕਿਮ ਯੋ ਜੋਂਗ ਸਮੇਤ ਉੱਤਰ ਕੋਰੀਆਈ ਅਗਵਾਈ ਦੇ ਮੁੱਖ ਮੈਂਬਰਾਂ ਦੀ ਜਾਣ-ਪਛਾਣ ਕਰਵਾਈ। ਰੂਸੀ ਰਾਸ਼ਟਰਪਤੀ ਦੇ ਕਾਫ਼ਲੇ ਦਾ ਸਵਾਗਤ ਕਰਨ ਲਈ ਸੜਕਾਂ 'ਤੇ ਭਾਰੀ ਭੀੜ ਇਕੱਠੀ ਹੋਈ ਅਤੇ ਲੋਕਾਂ ਨੇ ਪੁਤਿਨ ਦਾ ਸਵਾਗਤ ਹੈ ਦੇ ਨਾਅਰੇ ਲਗਾਏ। ਇਸ ਦੌਰਾਨ ਜਨਤਾ ਨੇ ਉੱਤਰ ਕੋਰੀਆ ਦੇ ਅਤੇ ਰੂਸ ਦੇ ਝੰਡੇ ਵੀ ਲਹਿਰਾਏ। ਪੁਤਿਨ ਦੇ ਵਿਦੇਸ਼ ਨੀਤੀ ਸਲਾਹਕਾਰ ਯੂਰੀ ਉਸ਼ਾਕੋਵ ਅਨੁਸਾਰ, ਪੁਤਿਨ ਨਾਲ ਉੱਪ ਪ੍ਰਧਾਨ ਮੰਤਰੀ ਡੇਨਿਸ ਮਾਂਤਰੂਰੋਵ, ਰੱਖਿਆ ਮੰਤਰੀ ਐਂਦ੍ਰੇਈ ਬੇਲੋਸੋਵ ਅਤੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਸਮੇਤ ਕਈ ਸੀਨੀਅਰ ਅਧਿਕਾਰੀ ਵੀ ਸਨ। ਪੁਤਿਨ ਅਤੇ ਕਿਮ ਦੀ ਦੋਸਤੀ ਦਰਮਿਆਨ ਅਮਰੀਕਾ ਅਤੇ ਦੱਖਣੀ ਕੋਰੀਆਈ ਅਧਿਕਾਰੀਆਂ ਦਾ ਦੋਸ਼ ਹੈ ਕਿ ਉੱਤਰ ਕੋਰੀਆ ਰੂਸ ਨੂੰ ਯੂਕ੍ਰੇਨ 'ਚ ਇਸਤੇਮਾਲ ਲਈ ਤੋਪਾਂ, ਮਿਜ਼ਾਈਲਾਂ ਅਤੇ ਹੋਰ ਫ਼ੌਜ ਉਪਕਰਣ ਮੁਹੱਈਆ ਕਰਵਾ ਰਿਹਾ ਹੈ ਅਤੇ ਇਸ ਦੇ ਬਦਲੇ 'ਚ ਉਸ ਨੂੰ ਮਹੱਤਵਪੂਰਨ ਫ਼ੌਜ ਤਕਨੀਕ ਅਤੇ ਮਦਦ ਮਿਲ ਰਹੀ ਹੈ। ਹਾਲਾਂਕਿ ਦੋਵੇਂ ਹੀ ਦੇਸ਼ਾਂ ਨੇ ਹਮੇਸ਼ਾ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News