ਮਿਆਮੀ ਬੀਚ ''ਤੇ ਵਧੀ ਲੋਕਾਂ ਦੀ ਭੀੜ, ਕਰਨਾ ਪਿਆ ਐਮਰਜੈਂਸੀ ਦਾ ਐਲਾਨ
Tuesday, Mar 23, 2021 - 11:14 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਮਿਆਮੀ ਬੀਚ 'ਤੇ ਅਧਿਕਾਰੀਆਂ ਨੇ ਵਧ ਰਹੀ ਭੀੜ ਦੇ ਕਾਰਨ ਕੋਰੋਨਾ ਵਾਇਰਸ ਫੈਲਣ ਦੇ ਡਰੋਂ ਸੁਰੱਖਿਆ ਕਾਰਨਾਂ ਕਰਕੇ ਐਮਰਜੈਂਸੀ ਲਗਾਉਣ ਦਾ ਐਲਾਨ ਕੀਤਾ ਹੈ।
ਇਸ ਦੇ ਤਹਿਤ ਰਾਤ 8 ਵਜੇ ਦਾ ਕਰਫਿਊ ਅਤੇ ਅਸਥਾਈ ਤੌਰ 'ਤੇ ਸ਼ਹਿਰ ਨੂੰ ਜਾਣ ਵਾਲੀਆਂ ਕਈ ਸੜਕਾਂ ਨੂੰ ਬੰਦ ਕੀਤਾ ਗਿਆ ਹੈ। ਮਿਆਮੀ ਬੀਚ ਦੇ ਮੇਅਰ ਡੈਨ ਗੇਲਬਰ ਨੇ ਨਵੇਂ ਨਿਯਮਾਂ ਦੀ ਘੋਸ਼ਣਾ ਕੀਤੀ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਨਵੇਂ ਐਮਰਜੈਂਸੀ ਹੁਕਮ 72 ਘੰਟਿਆਂ ਤੱਕ ਲਾਗੂ ਰਹਿਣਗੇ। ਰਾਤ 8 ਵਜੇ ਦਾ ਕਰਫਿਊ ਸ਼ਨੀਵਾਰ ਤੋਂ ਸ਼ੁਰੂ ਹੁੰਦਾ ਹੈ। ਤਿੰਨ ਕੌਜ਼ਵੇਅ 'ਤੇ ਈਸਟਬਾਉਂਡ ਟ੍ਰੈਫਿਕ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ, ਜਦਕਿ ਕੁੱਝ ਵਸਨੀਕਾਂ ਅਤੇ ਹੋਟਲ ਮਹਿਮਾਨਾਂ ਲਈ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਛੋਟ ਹੋਵੇਗੀ।
ਸਿਟੀ ਮੈਨੇਜਰ ਰਾਉਲ ਅਗੁਇਲਾ ਨੇ ਬ੍ਰੀਫਿੰਗ ਦੌਰਾਨ ਦੱਸਿਆ ਕਿ ਇਹ ਫੈਸਲਾ ਲੈਣਾ ਸੌਖਾ ਨਹੀਂ ਸੀ ਪਰ ਜਨਤਕ ਸਿਹਤ ਅਤੇ ਸੁਰੱਖਿਆ ਲਈ ਅਜਿਹਾ ਕੀਤਾ ਜਾ ਰਿਹਾ ਹੈ। ਪਿਛਲੇ ਹਫ਼ਤੇ ਵਿੱਚ ਘੱਟੋ-ਘੱਟ ਦੋ ਵਾਰ, ਮਿਆਮੀ ਬੀਚ ਦੇ ਪੁਲਸ ਅਧਿਕਾਰੀਆਂ ਨੇ ਓਸ਼ੀਅਨ ਡਰਾਈਵ ਦੇ ਨੇੜੇ ਭੀੜ ਨੂੰ ਖਿੰਡਾਉਣ ਲਈ ਕਾਰਵਾਈ ਕੀਤੀ ਸੀ ਅਤੇ ਵਿਭਾਗ ਅਨੁਸਾਰ ਪਿਛਲੇ ਹਫਤੇ ਦੋ ਪੁਲਸ ਅਧਿਕਾਰੀ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈਂਦੇ ਸਮੇਂ ਜ਼ਖ਼ਮੀ ਵੀ ਹੋਏ ਸਨ।