ਮੈਕਸੀਕੋ 'ਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ, 1 ਹਲਾਕ

Tuesday, Jun 23, 2020 - 11:49 PM (IST)

ਮੈਕਸੀਕੋ 'ਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ, 1 ਹਲਾਕ

ਮੈਕਸੀਕੋ ਸਿਟੀ (ਰਾਈਟਰਸ): ਮੈਕਸੀਕੋ ਵਿਚ ਸ਼ਕਤੀਸ਼ਾਲੀ ਭੂਚਾਲ ਦੀ ਖਬਰ ਮਿਲੀ ਹੈ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 7.4 ਮਾਪੀ ਗਈ ਹੈ। ਇਹ ਝਟਕੇ ਦੱਖਣੀ ਤੇ ਮੱਧ ਮੈਕਸੀਕੋ ਵਿਚ ਮਹਿਸੂਸ ਕੀਤੇ ਗਏ ਹਨ ਤੇ ਇਸ ਦੀ ਜਾਣਕਾਰੀ ਨੈਸ਼ਨਲ ਸਿਸਮੋਲਾਜੀਕਲ ਸਰਵਿਸ ਨੇ ਦਿੱਤੀ ਹੈ।

ਵਿਭਾਗ ਨੇ ਦੱਸਿਆ ਕਿ ਇਹ ਝਟਕੇ ਦੱਖਣੀ ਸੂਬੇ ਓਕਸਾਕਾ ਵਿਚ ਸਥਾਨਕ ਸਮੇਂ ਮੁਤਾਬਕ ਸਵੇਰੇ 10:29 ਵਜੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਹਾਲਾਂਕਿ ਰਾਜਧਾਨੀ ਤੋਂ 400 ਮੀਲ ਦੂਰ ਦੱਸਿਆ ਜਾ ਰਿਹਾ ਹੈ ਪਰ ਇਸ ਨਾਲ ਕਈ ਇਮਾਰਤਾਂ ਜ਼ੋਰ ਨਾਲ ਕੰਬ ਗਈਆਂ ਤੇ ਲੋਕ ਆਪਣੀ ਜਾਨ ਬਚਾਉਣ ਦੇ ਮਾਰੇ ਸੜਕਾਂ ਤੇ ਖੁੱਲ੍ਹੀਆਂ ਥਾਵਾਂ ਵੱਲ ਭੱਜ ਪਏ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਇਸ ਭੂਚਾਲ ਕਾਰਣ ਹਾਓਟੁਲਕੋ ਬੀਚ ਨੇੜੇ ਇਕ ਵਿਅਕਤੀ ਦੀ ਮੌਤ ਦੀ ਵੀ ਖਬਰ ਹੈ ਤੇ ਕੁਝ ਇਮਾਰਤਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ।

ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟਵੀਟ ਵੀ ਸਾਂਝੇ ਕੀਤੇ ਗਏ ਹਨ। ਇਸ ਨੇ 2017 ਦੇ ਉਸ ਭੂਚਾਲ ਦੀ ਯਾਦ ਦਿਵਾ ਦਿੱਤੀ ਜਦੋਂ ਕਈ ਇਮਾਰਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਤੇ ਤਕਰੀਬਨ 300 ਨੇ ਆਪਣੀ ਜਾਨ ਗੁਆ ਦਿੱਤੀ।


author

Baljit Singh

Content Editor

Related News