ਮੈਕਸੀਕੋ ''ਚ ਅਮਰੀਕੀ ਪਰਿਵਾਰ ਦੇ 9 ਲੋਕਾਂ ਦੀ ਹੱਤਿਆ
Wednesday, Nov 06, 2019 - 10:30 AM (IST)

ਮੈਕਸੀਕੋ ਸਿਟੀ (ਭਾਸ਼ਾ): ਉੱਤਰੀ ਮੈਕਸੀਕੋ ਵਿਚ ਇਕ ਅਮਰੀਕੀ ਪਰਿਵਾਰ ਦੀਆਂ 3 ਔਰਤਾਂ ਅਤੇ 6 ਬੱਚਿਆਂ ਸਮੇਤ ਘੱਟੋ-ਘੱਟ 9 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਇਹ ਵਾਰਦਾਤ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੇ ਸਮੂਹ ਨੇ ਅੰਜਾਮ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਪਰਿਵਾਰ ਦੇ ਸਾਰੇ ਮੈਂਬਰ ਚਿਹੁਆਹੁਆ ਸਟੇਟ ਵਿਚ ਰਹਿੰਦੇ ਸਨ ਅਤੇ ਮੂਲ ਰੂਪ ਨਾਲ ਅਮਰੀਕੀ ਨਾਗਰਿਕ ਸਨ। ਸਾਰੇ ਮੈਂਬਰ ਸੋਮਵਾਰ ਦੁਪਹਿਰ ਨੂੰ ਚਿਹੁਆਹੁਆ ਤੋਂ ਸੋਨੋਰਾਤ ਸਟੇਟ ਵੱਲੋਂ ਦੋ ਗੱਡੀਆਂ ਵਿਚ ਜਾ ਰਹੇ ਸਨ। ਉਸ ਸਮੇਂ ਤਸਕਰਾਂ ਦੇ ਇਕ ਸਮੂਹ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ ਓਬਰੇਡੋਰ ਨੇ ਇਸ ਘਟਨਾ 'ਤੇ ਕਿਹਾ,''ਪਰਿਵਾਰ ਸ਼ਾਇਦ ਗਲਤੀ ਨਾਲ ਇਕ ਅਪਰਾਧਿਕ ਸਮੂਹ ਦਾ ਸ਼ਿਕਾਰ ਹੋ ਗਿਆ, ਜੋ ਇਲਾਕੇ ਨੂੰ ਆਪਣੇ ਕਬਜ਼ੇ ਵਿਚ ਕਰਨ ਲਈ ਲੜਾਈ ਕਰ ਰਰੇ ਹਨ।'' ਪ੍ਰਾਪਤ ਜਾਣਕਾਰੀ ਮੁਤਾਬਕ ਤਸਕਰਾਂ ਦੇ ਸਮੂਹ ਵੱਲੋਂ ਉਨ੍ਹਾਂ ਦੀਆਂ ਗੱਡੀਆਂ 'ਤੇ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ਵਿਚ 9 ਪੀੜਤਾਂ ਦੀ ਮੌਤ ਹੋ ਗਈ ਅਤੇ ਬਾਅਦ ਵਿਚ ਉਨ੍ਹਾਂ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਇਸ ਹਮਲੇ ਵਿਚ ਕੁਝ ਬੱਚੇ ਜ਼ਖਮੀ ਵੀ ਹੋਏ ਹਨ।