ਮੈਕਸੀਕੋ ''ਚ ਆਏ ਭੂਚਾਲ ਨਾਲ ਮਲਬੇ ਹੇਠਾਂ ਦੱਬੇ ਲੋਕਾਂ ਦੇ ਜਿੰਦਾ ਬਚਣ ਦੀ ਉਮੀਦ ਹੋਈ ਘੱਟ, ਬਚਾਅ ਕੰਮ ਜਾਰੀ

09/22/2017 11:18:29 AM

ਮੈਕਸੀਕੋ ਸਿਟੀ— ਮੈਕਸੀਕੋ ਵਿਚ ਵਿਨਾਸ਼ਕਾਰੀ ਭੂਚਾਲ ਕਾਰਨ ਹਾਦਸਾਗ੍ਰਸਤ ਹੋਈਆਂ ਇਮਾਰਤਾਂ ਦੇ ਮਲਬੇ ਵਿਚ ਦੱਬੇ ਹੋਏ ਲੋਕਾਂ ਦੀ ਤਲਾਸ਼ ਅੱਜ ਤੀਜੇ ਦਿਨ ਵੀ ਜਾਰੀ ਹੈ । ਹਾਲਾਂਕਿ ਸਮਾਂ ਲੰਘਣ ਦੇ ਨਾਲ ਹੀ, ਮਲਬੇ ਵਿਚ ਦੱਬੇ ਲੋਕਾਂ ਦੇ ਜਿੰਦਾ ਬਚੇ ਹੋਣ ਦੀਆ ਉਮੀਦਾਂ ਵੀ ਘੱਟ ਹੁੰਦੀਆਂ ਜਾ ਰਹੀਆਂ ਹਨ । ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਇੱਥੇ ਆਏ 7.1 ਤੀਬਰਤਾ ਦੇ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 272 ਪਹੁੰਚ ਗਈ ਹੈ। ਇਹ ਗਿਣਤੀ ਹੋਰ ਵਧਣ ਦਾ ਸ਼ੱਕ ਹੈ । ਰਾਜਧਾਨੀ ਅਤੇ ਹੋਰ ਕੇਂਦਰੀ ਸੂਬਿਆਂ ਵਿਚ ਹਾਦਸਾਗ੍ਰਸਤ ਹੋਈਆਂ ਦਰਜਨਾਂ ਇਮਾਰਤਾਂ ਵਿਚ ਟਨਾਂ ਮਲਬੇ ਨੂੰ ਹਟਾਉਣ ਵਿਚ ਜੁਟੇ ਬਚਾਅ ਕਰਮਚਾਰੀ ਬੁਰੀ ਤਰ੍ਹਾਂ ਥੱਕ ਚੁੱਕੇ ਹਨ। ਇਹ ਲੋਕ ਮੰਗਲਵਾਰ ਨੂੰ ਭੂਚਾਲ ਆਉਣ ਤੋਂ ਬਾਅਦ ਤੋਂ ਹੀ ਮਲਬਾ ਹਟਾਉਣ ਅਤੇ ਲੋਕਾਂ ਨੂੰ ਬਾਹਰ ਕੱਢਣ ਵਿਚ ਲੱਗੇ ਹੋਏ ਹਨ । ਮਾਹਰਾ ਦਾ ਕਹਿਣਾ ਹੈ ਕਿ ਅਜਿਹੀ ਹਾਲਤ ਵਿਚ ਜਿੰਦਾ ਬਚਨ ਲਈ ਔਸਤ ਸਮਾਂ 72 ਘੰਟੇ ਹੁੰਦਾ ਹੈ ਅਤੇ ਉਹ ਵੀ ਸੱਟਾਂ ਉੱਤੇ ਨਿਰਭਰ ਕਰਦਾ ਹੈ । ਮੈਕਸੀਕੋ ਸਿਟੀ ਵਿਚ ਅਜੇ ਵੀ ਕਰੀਬ 200 ਲੋਕ ਲਾਪਤਾ ਦੱਸੇ ਜਾ ਰਹੇ ਹਨ । ਸ਼ੱਕ ਹੈ ਕਿ ਇਹ ਲੋਕ ਮਲਬੇ ਵਿਚ ਦੱਬੇ ਹੋਏ ਹਨ । ਰੋਮਾ ਦੇ ਗੁਆਂਢ ਵਿਚ ਬਚਾਅ ਕਰਮਚਾਰੀ ਹਾਦਸਾਗ੍ਰਸਤ ਹੋਈ 7 ਮੰਜ਼ਿਲਾ ਇਮਾਰਤ ਦੇ ਮਲਬੇ ਵਿਚ 23 ਲੋਕਾਂ ਦਾ ਪਤਾ ਲਗਾਉਣ ਵਿਚ ਲੱਗੇ ਹੋਏ ਹਨ । ਕਿਉਂਕਿ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਲੋਕ ਮਲਬੇ ਵਿਚ ਦੱਬੇ ਹੋਏ ਹਨ । ਬਚਾਅ ਦਲ ਮਲਬੇ ਵਿਚੋਂ 28 ਲੋਕਾਂ ਨੂੰ ਬਚਾ ਚੁੱਕੇ ਹਨ ।  ਹਾਲਾਂਕਿ ਅਜੇ ਤੱਕ ਇੱਥੇ ਕਿਸੇ ਦੀ ਮੌਤ ਦੀ ਸੂਚਨਾ ਨਹੀਂ ਹੈ । ਲਾਪਤਾ ਲੋਕਾਂ ਦੇ ਰਿਸ਼ਤੇਦਾਰ ਕਾਫੀ ਤਕਲੀਫ ਤੋਂ ਲੰਘ ਰਹੇ ਹਨ ਅਤੇ ਆਪਣਿਆਂ ਨਾਲ ਜੁੜੀ ਕਿਸੇ ਵੀ ਖਬਰ ਦਾ ਇੰਤਜਾਰ ਕਰ ਰਹੇ ਹਨ।


Related News