ਮੈਕਸੀਕੋ : ਗੁੰਮਨਾਮ ਕਬਰਾਂ ''ਚੋਂ ਮਿਲੀਆਂ 19 ਲਾਸ਼ਾਂ
Friday, Oct 26, 2018 - 12:05 PM (IST)
ਮੈਕਸੀਕੋ ਸਿਟੀ (ਭਾਸ਼ਾ)— ਮੈਕਸੀਕੋ ਦੇ ਪੱਛਮੀ ਸੂਬੇ ਜਾਲਿਸਕੋ ਦੇ ਇਕ ਖੇਤ ਵਿਚ ਬਣੀਆਂ ਗੁੰਮਨਾਮ ਕਬਰਾਂ ਵਿਚੋਂ ਕਰੀਬ 4 ਮਹੀਨੇ ਪੁਰਾਣੀਆਂ ਘੱਟੋ-ਘੱਟ 19 ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ਵਿਚੋਂ ਤਿੰਨ ਲਾਸ਼ਾਂ ਔਰਤਾਂ ਦੀਆਂ ਹਨ। ਇਕ ਸਥਾਨਕ ਜਾਂਚ ਕਰਤਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ ਵਿਚ ਸਭ ਤੋਂ ਪਹਿਲਾਂ ਸੋਮਵਾਰ ਨੂੰ ਇਕ ਕਬਰ ਦਾ ਪਤਾ ਚੱਲਿਆ ਸੀ। ਇਸ ਮਗਰੋਂ ਸ਼ੁਰੂ ਹੋਈ ਜਾਂਚ ਵਿਚ ਇਕ ਦੇ ਬਾਅਦ ਇਕ ਕਈ ਕਬਰਾਂ ਸਾਹਮਣੇ ਆਉਂਦੀਆਂ ਗਈਆਂ। ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਮਾਰੇ ਗਏ ਲੋਕ ਸਥਾਨਕ ਨਿਵਾਸੀ ਸਨ ਜਾਂ ਫਿਰ ਉਨ੍ਹਾਂ ਨੂੰ ਕਿਸੇ ਹੋਰ ਥਾਂ ਤੋਂ ਲਿਆ ਕੇ ਇੱਥੇ ਦਫਨਾਇਆ ਗਿਆ ਸੀ।
ਬੀਤੇ ਹਫਤੇ ਅਜਿਹੇ ਹੀ ਇਕ ਹੋਰ ਮਾਮਲੇ ਵਿਚ ਗੁੰਮਨਾਮ ਕਬਰਾਂ ਤੋਂ 16 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਦੇਸ਼ ਵਿਚ ਕਿਰਿਆਸ਼ੀਲ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨਾਲ ਨਜਿੱਠਣ ਲਈ ਸਾਲ 2006 ਵਿਚ ਫੌਜ ਨੂੰ ਤਾਇਨਾਤ ਕੀਤਾ ਗਿਆ ਸੀ। ਉਦੋਂ ਤੋਂ ਇੱਥੇ ਕਰੀਬ 2 ਲੱਖ ਤੋਂ ਵੱਧ ਹੱਤਿਆਵਾਂ ਹੋ ਚੁੱਕੀਆਂ ਹਨ। ਬੀਤੇ ਸਾਲ ਇੱਥੇ 28,762 ਲੋਕ ਖੂਨੀ ਹਿੰਸਾ ਦੇ ਸ਼ਿਕਾਰ ਹੋ ਕੇ ਬੇਵਕਤੀ ਆਪਣੀਆਂ ਜਾਨਾਂ ਗਵਾ ਚੁੱਕੇ ਹਨ।
