ਅਮਰੀਕਾ : ਮੈਮੋਰੀਅਲ ਡੇਅ ਸਮਾਰੋਹ ਤੋਂ ਪਹਿਲਾਂ ਚੋਰੀ ਹੋਏ ਅਮਰੀਕੀ ਝੰਡੇ

Thursday, Jun 03, 2021 - 09:51 AM (IST)

ਅਮਰੀਕਾ : ਮੈਮੋਰੀਅਲ ਡੇਅ ਸਮਾਰੋਹ ਤੋਂ ਪਹਿਲਾਂ ਚੋਰੀ ਹੋਏ ਅਮਰੀਕੀ ਝੰਡੇ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਜਿਹੜੇ ਦੇਸ਼ ਵਿੱਚ ਅਸੀਂ ਰਹਿੰਦੇ ਹਾਂ ਅਤੇ ਆਪਣੀ ਜ਼ਿੰਦਗੀ ਬਤੀਤ ਕਰਦੇ ਹਾਂ, ਦਾ ਸਨਮਾਨ ਕਰਨਾ ਅਤੇ ਉਸਦੀ ਰੱਖਿਆ ਕਰਨਾ ਸਾਡਾ ਇੱਕ ਮੁੱਢਲਾ ਫਰਜ ਹੈ। ਅਮਰੀਕਾ ਵਿੱਚ ਕੁਝ ਚੋਰਾਂ ਨੇ ਰਾਸ਼ਟਰੀ ਝੰਡਿਆਂ ਦੀ ਚੋਰੀ ਕਰਕੇ ਇਸ ਤੋਂ ਉਲਟ ਕੰਮ ਕੀਤਾ ਹੈ। ਇਸ ਚੋਰੀ ਦੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਚੋਰਾਂ ਨੇ ਮੈਮੋਰੀਅਲ ਡੇਅ ਦੇ ਹਫ਼ਤੇ ਦੌਰਾਨ ਕੈਲੀਫੋਰਨੀਆ ਦੇ ਸੈਨਿਕ ਕਬਰਸਤਾਨ ਵਿੱਚ ਦਾਖਲ ਹੋ ਕੇ ਕਈ ਅਮਰੀਕੀ ਝੰਡੇ ਚੁਰਾਏ ਹਨ। ਅਧਿਕਾਰੀਆਂ ਅਨੁਸਾਰ ਲਾਸ ਏਂਜਲਸ ਦੇ ਨੈਸ਼ਨਲ ਕਬਰਸਤਾਨ ਦੇ ਵਲੰਟੀਅਰਾਂ ਨੇ ਸੋਮਵਾਰ ਸਵੇਰੇ ਇਸ ਜਗ੍ਹਾ ਤੇ ਮੈਮੋਰੀਅਲ ਡੇਅ ਸਮਾਰੋਹ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਇਸ ਚੋਰੀ ਦਾ ਪਤਾ ਲਗਾਇਆ ਜੋ ਕਿ ਜਾਂਚਕਰਤਾਵਾਂ ਅਨੁਸਾਰ ਚੋਰਾਂ ਨੇ ਐਤਵਾਰ ਰਾਤ ਅਤੇ ਸੋਮਵਾਰ ਦੀ ਸਵੇਰ ਦੇ ਵਿਚਕਾਰ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਵਿਦੇਸ਼ ਮੰਤਰੀ ਵੇਲੇਨ ਨੇ ਚੀਨ ਦੇ ਉਪ ਪ੍ਰਧਾਨ ਮੰਤਰੀ ਨਾਲ ਕੀਤੀ ਆਨਲਾਈਨ ਬੈਠਕ

ਵੈਟਰਨਜ਼ ਅਫੇਅਰਜ਼ ਵਿਭਾਗ ਦੇ ਇੱਕ ਬੁਲਾਰੇ ਲਿਸ ਮੇਲਨੀਕ ਨੇ ਦੱਸਿਆ ਕਿ ਚੋਰੀ ਹੋਏ ਝੰਡਿਆਂ ਵਿੱਚ ਇੱਕ 25 ਫੁੱਟ x 30 ਫੁੱਟ ਮਾਪ ਵਾਲਾ ਇੱਕ ਵੱਡਾ ਝੰਡਾ ਵੀ ਸ਼ਾਮਲ ਸੀ। ਲਾਸ ਏਂਜਲਸ ਨੈਸ਼ਨਲ ਕਬਰਸਤਾਨ ਸਹਾਇਤਾ ਫਾਉਂਡੇਸ਼ਨ ਦੇ ਅਨੁਸਾਰ, ਇਸ ਵਿਸ਼ਾਲ ਝੰਡੇ ਨੂੰ ਖਿੱਚਣ ਅਤੇ ਫੋਲਡ ਕਰਨ ਲਈ ਆਮ ਤੌਰ 'ਤੇ ਤਿੰਨ ਲੋਕਾਂ ਦੀ ਲੋੜ ਪੈਂਦੀ ਸੀ। ਮੈਮੋਰੀਅਲ ਡੇਅ 'ਤੇ ਵਾਪਰੀ ਚੋਰੀ ਦੀ ਇਸ ਘਟਨਾ ਨੂੰ ਵਲੰਟੀਅਰਾਂ ਅਤੇ ਅਧਿਕਾਰੀਆਂ ਨੇ ਬਹੁਤ ਦੁੱਖਦਾਈ ਅਤੇ ਸ਼ਰਮਨਾਕ ਕਿਹਾ ਹੈ। ਇਸ ਮਾਮਲੇ ਵਿੱਚ ਅਜੇ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲਸ ਦੁਆਰਾ ਦੋਸ਼ੀਆਂ ਦੀ ਪਛਾਣ ਕਰਨ ਲਈ ਸੀ ਸੀ ਟੀ ਵੀ ਫੁਟੇਜ਼ ਦੀ ਸਹਾਇਤਾ ਲਈ ਜਾਵੇਗੀ। ਲਾਸ ਏਂਜਲਸ ਦਾ ਇਹ ਕਬਰਸਤਾਨ 19 ਵੀਂ ਸਦੀ ਵਿੱਚ ਬਣਾਇਆ ਗਿਆ ਸੀ ਅਤੇ ਵੈਟਰਨਜ਼ ਪ੍ਰਸ਼ਾਸਨ ਦੁਆਰਾ ਚਲਾਇਆ ਜਾਂਦਾ ਹੈ।

ਨੋਟ- ਅਮਰੀਕਾ 'ਚ ਮੈਮੋਰੀਅਲ ਡੇਅ ਸਮਾਰੋਹ ਤੋਂ ਪਹਿਲਾਂ ਚੋਰੀ ਹੋਏ ਅਮਰੀਕੀ ਝੰਡੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News