ਮੈਲਬੌਰਨ ''ਚ ਸਫਲ ਹੋ ਨਿਬੜਿਆ ਸਮਾਗਮ ''ਰੌਣਕ ਤ੍ਰਿੰਝਣਾਂ ਦੀ''

Tuesday, Jul 16, 2019 - 05:32 PM (IST)

ਮੈਲਬੌਰਨ ''ਚ ਸਫਲ ਹੋ ਨਿਬੜਿਆ ਸਮਾਗਮ ''ਰੌਣਕ ਤ੍ਰਿੰਝਣਾਂ ਦੀ''

ਮੈਲਬੌਰਨ (ਮਨਦੀਪ ਸਿੰਘ ਸੈਣੀ)— 'ਪੰਜਾਬੀ ਫੋਕ ਐਂਡ ਆਰਟਸ' ਸੰਸਥਾ ਵੱਲੋਂ ਸੈਂਟਰਲ ਮੈਲਬੌਰਨ ਕਾਲਜ, ਕੈਮ ਸਟੂਡੀਓ ਮੈਲਬੌਰਨ ਅਤੇ ਸਹਿਯੋਗੀਆਂ ਨਾਲ ਬੀਤੇ ਸ਼ਨੀਵਾਰ ਨੂੰ ਕਰੇਨਬਰਨ ਰੇਸਕੋਰਸ ਵਿਖੇ 'ਰੌਣਕ ਤ੍ਰਿੰਝਣਾਂ ਦੀ' ਨਾਂ ਦਾ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਮੈਲਬੌਰਨ ਦੇ ਵੱਖ-ਵੱਖ ਇਲਾਕਿਆਂ ਤੋਂ ਛੋਟੀਆਂ ਬੱਚੀਆਂ, ਮੁਟਿਆਰਾਂ ਅਤੇ ਔਰਤਾਂ ਨੇ ਸ਼ਿਰਕਤ ਕੀਤੀ। ਗੁਰਸ਼ੇਰ ਸਿੰਘ ਹੀਰ ਵੱਲੋਂ ਤਿਆਰ ਕਰਵਾਏ ਗਏ ਗਿੱਧੇ-ਭੰਗੜੇ ਵਿੱਚ ਛੋਟੇ ਬੱਚਿਆਂ ਅਤੇ ਮੁਟਿਆਰਾਂ ਨੇ ਸੋਹਣਾ ਰੰਗ ਬੰਨਿਆ।ਪੰਜਾਬੀ ਲੋਕ ਨਾਚਾਂ ਅਤੇ ਸੱਭਿਆਚਾਰ ਨੂੰ ਰੂਪਮਾਨ ਕਰਦੀਆਂ ਦਿਲਚਸਪ ਵੰਨਗੀਆਂ ਨੇ ਵਧੀਆ ਮਾਹੌਲ ਸਿਰਜ ਦਿੱਤਾ।

ਪ੍ਰਬੰਧਕਾਂ ਵੱਲੋਂ ਹਾਜ਼ਰ ਦਰਸ਼ਕਾਂ ਨਾਲ ਕੀਤੇ ਸਵਾਲ-ਜੁਆਬ ਦਾ ਦੌਰ ਦਿਲਚਸਪ ਹੋ ਨਿਬੜਿਆ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ।ਇਸ ਮੌਕੇ ਮਿਸ ਤ੍ਰਿੰਝਣ ਅਤੇ ਮਿਸਿਜ਼ ਤ੍ਰਿੰਝਣ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਦੌਰਾਨ 1 ਸਾਲ ਦੀ ਛੋਟੀ ਬੱਚੀ ਨੇ ਨੰਨ੍ਹੀ ਪੰਜਾਬਣ ਅਤੇ 80 ਸਾਲ ਦੀ ਬੇਬੇ ਨੇ ਸੀਨੀਅਰ ਪੰਜਾਬਣ ਦਾ ਖਿਤਾਬ ਜਿੱਤਿਆ।ਰੰਗ ਬਰੰਗੀਆਂ ਚੁੰਨੀਆਂ, ਫੁੱਲਕਾਰੀਆਂ, ਗਹਿਣਿਆਂ ਅਤੇ ਪੰਜਾਬੀ ਪਹਿਰਾਵਿਆਂ ਨੇ ਪੰਜਾਬ ਵਰਗਾ ਮਾਹੌਲ ਸਿਰਜ ਦਿੱਤਾ।

ਫਿਲਮ 'ਅਰਦਾਸ ਕਰਾਂ' ਦੀ ਪ੍ਰੋਮੋਸ਼ਨ ਲਈ ਮੈਲਬੌਰਨ ਪਹੁੰਚੇ ਗਾਇਕ ਗਿੱਪੀ ਗਰੇਵਾਲ ਅਤੇ ਬੱਬਲ ਰਾਏ ਨੇ ਇਸ ਮੇਲੇ ਵਿੱਚ ਵੀ ਹਾਜ਼ਰੀ ਭਰੀ ਅਤੇ ਦੋਵੇਂ ਗਾਇਕਾਂ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਮੰਚ ਸੰਚਾਲਣ ਦੀ ਜ਼ਿੰਮੇਵਾਰੀ ਦੀਪਕ ਬਾਵਾ ਤੇ ਪਵਨ ਬਰਾੜ ਨੇ ਸਾਂਝੇ ਤੌਰ ਤੇ ਬਾਖੂਬੀ ਨਿਭਾਈ ।

ਮੁੱਖ ਪ੍ਰਬੰਧਕ ਮਨਜੋਤ ਧਾਲੀਵਾਲ, ਰਚਿਤਾ ਸੂਦ, ਸ਼ੈਰੀ ਸੇਖੋਂ, ਦਿਲਪ੍ਰੀਤ ਜਸਵਾਲ, ਕੁਲਬੀਰ ਕੌਰ ਬਰਾੜ, ਸਿਮਰ ਧਾਲੀਵਾਲ, ਪ੍ਰੀਤ ਸਿੱਧੂ ਅਤੇ ਸਮੁੱਚੀ ਟੀਮ ਨੇ ਸਾਰੇ ਸਹਿਯੋਗੀਆਂ, ਮੀਡੀਆ ਤੇ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਲਗਾਤਾਰ ਅੱਠ ਸਾਲਾਂ ਤੋਂ ਲੋਕਾਂ ਦੇ ਮਿਲ ਰਹੇ ਪਿਆਰ ਸਦਕਾ ਹੀਇਹ ਸਮਾਗਮ ਸਫਲਤਾ ਪੂਰਵਕ ਸੰਪੰਨ ਹੁੰਦਾ ਆ ਰਿਹਾ ਹੈ। ਇਹ ਮੇਲਾ ਪੰਜਾਬੀ ਸੱਭਿਆਚਾਰ ਦੇ ਰੰਗਾਂ ਨੂੰ ਹੋਰ ਗੂੜ੍ਹਾ ਕਰਨ ਵਿੱਚ ਸਫਲ ਰਿਹਾ ਅਤੇ ਮੈਲਬੌਰਨ ਦੀਆਂ ਮੁਟਿਆਰਾਂ ਲਈ ਅਸਲ ਵਿਰਸੇ ਦਾ ਰੂਪ ਹੋ ਨਿਬੜਿਆ।


author

Vandana

Content Editor

Related News