ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਦੀ ਜੈਕਟ ''ਤੇ ਉੱਠੇ ਸਵਾਲ

Friday, Jun 22, 2018 - 12:21 PM (IST)

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਬੀਤੇ ਦਿਨ ਅਮਰੀਕਾ ਅਤੇ ਮੈਕਸੀਕੋ ਸਰਹੱਦ ਦਾ ਦੌਰਾ ਕੀਤਾ ਸੀ। ਉਹ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀ ਮਾਪਿਆਂ ਤੋਂ ਵੱਖ ਕੀਤੇ ਗਏ ਬੱਚਿਆਂ ਨੂੰ ਦੇਖਣ ਲਈ ਮੈਕਲੇਨ ਦੇ ਚਾਈਲਡ ਸੈਂਟਰ ਗਈ ਸੀ। ਇਸ ਦੌਰਾਨ ਮੇਲਾਨੀਆ ਨੇ ਜੋ ਜੈਕਟ ਪਹਿਨੀ ਸੀ ਉਸ ਕਾਰਨ ਕਈ ਸਵਾਲ ਉੱਠੇ ਹਨ। ਅਸਲ 'ਚ ਉਸ ਦੀ ਜੈਕਟ 'ਤੇ ਕੁੱਝ ਸ਼ਬਦ ਲਿਖੇ ਸਨ, ਜਿਨ੍ਹਾਂ ਦਾ ਮਤਲਬ ਹੈ,''ਮੈਨੂੰ ਤਾਂ ਬਿਲਕੁਲ ਵੀ ਪਰਵਾਹ ਨਹੀਂ ਹੈ, ਕੀ ਤੁਹਾਨੂੰ ਹੈ?'' ਸਵਾਲ ਉੱਠ ਰਹੇ ਸਨ ਕਿ ਕੀ ਇਹ ਜੈਕਟ ਬਿਨਾਂ ਸੋਚੇ-ਸਮਝਿਆਂ ਪਾਈ ਗਈ ਸੀ ਜਾਂ ਫਿਰ ਇਹ ਫਸਟ ਲੇਡੀ ਵੱਲੋਂ ਦਿੱਤਾ ਗਿਆ ਕੋਈ ਸੰਦੇਸ਼ ਹੈ। ਜੇਕਰ ਅਜਿਹਾ ਹੈ ਤਾਂ ਇਹ ਸੰਦੇਸ਼ ਕਿਸ ਦੇ ਲਈ ਸੀ? ਤੁਹਾਨੂੰ ਦੱਸ ਦਈਏ ਕਿ ਮੇਲਾਨੀਆ ਕੱਲ ਜਦ ਟੈਕਸਾਸ ਲਈ ਜਹਾਜ਼ 'ਚ ਸਵਾਰ ਹੋਈ ਤਾਂ ਉਨ੍ਹਾਂ ਨੇ ਖਾਕੀ ਰੰਗ ਦੀ ਜੈਕਟ ਪਹਿਨੀ ਹੋਈ ਸੀ। ਉਸ ਦੀ ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

PunjabKesari
ਫਸਟ ਲੇਡੀ ਦੀ ਮਹਿਲਾ ਬੁਲਾਰਾ ਸਟੇਫਨੀ ਗ੍ਰਿਸ਼ਮ ਨੇ ਕਿਹਾ,''ਇਸ 'ਚ ਕੋਈ ਛੁਪਿਆ ਹੋਇਆ ਸੰਦੇਸ਼ ਨਹੀਂ ਹੈ। ਇਹ ਸਿਰਫ ਇਕ ਜੈਕਟ ਹੀ ਹੈ। ਮੈਡਮ ਮੇਲਾਨੀਆ ਦੇ ਟੈਕਸਾਸ ਦੇ ਇਸ ਅਹਿਮ ਦੌਰੇ ਮਗਰੋਂ ਮੈਂ ਉਮੀਦ ਕਰਦੀ ਹਾਂ ਕਿ ਮੀਡੀਆ ਸਾਰਾ ਧਿਆਨ ਉਨ੍ਹਾਂ ਦੇ ਕੱਪੜਿਆਂ 'ਤੇ ਕੇਂਦਰਿਤ ਨਾ ਕਰੇ।''

PunjabKesari
ਟੈਕਸਾਸ ਪੁੱਜਣ ਮਗਰੋਂ ਮੇਲਾਨੀਆ ਨੇ ਉਸ ਜੈਕਟ ਦੀ ਥਾਂ ਦੂਜੀ ਜੈਕਟ ਪਾ ਲਈ ਸੀ ਪਰ ਵ੍ਹਾਈਟ ਹਾਊਸ ਜਾਣ ਦੌਰਾਨ ਉਨ੍ਹਾਂ ਨੇ ਫਿਰ ਤੋਂ ਉਹ ਵਿਵਾਦਤ ਜੈਕਟ ਪਹਿਨ ਲਈ ਸੀ। ਪਤਨੀ ਦੇ ਵਾਪਸ ਆਉਣ ਮਗਰੋਂ ਰਾਸ਼ਟਰਪਤੀ ਟਰੰਪ ਨੇ ਟਵੀਟ ਕੀਤਾ,''ਮੇਲਾਨੀਆ ਦੀ ਜੈਕਟ ਦੇ ਪਿੱਛੇ ਜੋ ਵੀ ਲਿਖਿਆ ਸੀ ਉਹ ਫਰਜ਼ੀ ਨਿਊਜ਼ ਮੀਡੀਆ ਲਈ ਹੈ। ਮੇਲਾਨੀਆ ਨੂੰ ਪਤਾ ਚੱਲ ਗਿਆ ਹੈ ਕਿ ਉਹ ਕਿੰਨੇ ਝੂਠੇ ਹਨ ਅਤੇ ਸੱਚੀ ਹੁਣ ਉਹ ਪਰਵਾਹ ਨਹੀਂ ਕਰਦੀ।''


Related News