ਰਾਸ਼ਟਰਮੰਡਲ ਖੇਡਾਂ ''ਚ ਪੁੱਜਾ ਕੈਨੇਡਾ ਦਾ ਬਜ਼ੁਰਗ ਖਿਡਾਰੀ, ਹੋਰਾਂ ਲਈ ਬਣਿਆ ਮਿਸਾਲ

04/11/2018 3:12:51 PM

ਬ੍ਰਿਸਬੇਨ/ਕੈਨੇਡਾ— ਆਸਟਰੇਲੀਆ 'ਚ ਰਾਸ਼ਟਰ ਮੰਡਲ ਖੇਡਾਂ ਹੋ ਰਹੀਆਂ ਹਨ ਜਿਸ 'ਚ ਕਈ ਦੇਸ਼ਾਂ ਸਮੇਤ ਕੈਨੇਡਾ ਨੇ ਵੀ ਹਿੱਸਾ ਲਿਆ ਹੈ। ਕੈਨੇਡਾ ਦੇ ਨਿਸ਼ਾਨੇਬਾਜ਼ ਬੋਬ ਪਿਟਕੇਅਰਨ ਗੋਲਡ ਕੋਸਟ 'ਚ ਹੋ ਰਹੀਆਂ ਖੇਡਾਂ 'ਚ ਹਿੱਸਾ ਲੈਣ ਵਾਲੇ ਸਭ ਤੋਂ ਬਜ਼ੁਰਗ ਖਿਡਾਰੀ ਬਣ ਗਏ ਹਨ। 79 ਸਾਲਾ ਬੋਬ ਨੇ ਕਿਹਾ ਕਿ ਉਹ ਸ਼ੁਕਰ ਕਰਦੇ ਹਨ ਕਿ ਇਸ ਉਮਰ 'ਚ ਵੀ ਉਹ ਖੇਡ ਰਹੇ ਹਨ ਜਦਕਿ ਉਨ੍ਹਾਂ ਦੇ ਕਈ ਸਾਥੀ ਇਸ ਉਮਰ 'ਚ ਆਰਾਮ ਕਰਨ ਬਾਰੇ ਹੀ ਸੋਚਦੇ ਹਨ। ਸੋਮਵਾਰ ਨੂੰ ਜਦ ਅਧਿਕਾਰਤ ਰੂਪ 'ਚ ਉਨ੍ਹਾਂ ਨੇ ਨਿਸ਼ਾਨੇਬਾਜ਼ੀ ਲਈ ਗਰਾਊਂਡ 'ਚ ਐਂਟਰੀ ਕੀਤੀ ਤਾਂ ਲੋਕ ਉਨ੍ਹਾਂ ਦਾ ਹੌਂਸਲਾ ਵਧਾਉਣ ਲੱਗੇ। ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਬੋਬ ਦੀ ਸਿਫਤ ਕੀਤੀ ਹੈ। 

PunjabKesari
79 ਸਾਲ ਅਤੇ 9 ਮਹੀਨਿਆਂ ਦੀ ਉਮਰ ਵਾਲੇ ਬੋਬ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਚਿਲਵੈਕ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ 2014 'ਚ ਇੰਗਲੈਂਡ 'ਚ ਗਲਾਸਗੋਅ ਖੇਡਾਂ 'ਚ ਹਿੱਸਾ ਲਿਆ ਸੀ ਅਤੇ ਚੰਗਾ ਪ੍ਰਦਰਸ਼ਨ ਕੀਤਾ ਸੀ।
ਉਨ੍ਹਾਂ ਕਿਹਾ,''ਮੈਨੂੰ ਮਾਣ ਹੈ ਕਿ ਨਵੀਂ ਪੀੜੀ ਦੇ ਨੌਜਵਾਨ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੈਂ ਵੀ ਉਨ੍ਹਾਂ ਨਾਲ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈਣ ਪੁੱਜਾ ਹਾਂ।'' ਇਹ ਪਹਿਲੀ ਵਾਰ ਨਹੀਂ ਹੈ ਕਿ ਉਹ ਖੇਡਣ ਲਈ ਬ੍ਰਿਸਬੇਨ ਪੁੱਜੇ ਹਨ, ਇਸ ਤੋਂ ਪਹਿਲਾਂ ਵੀ ਉਹ ਇਸ ਸਿਲਸਿਲੇ 'ਚ ਇੱਥੇ ਆ ਚੁੱਕੇ ਹਨ। 2015 'ਚ ਵਰਲਡ ਰੇਂਜ ਰਾਈਫਲ ਚੈਮਪੀਅਨਸ਼ਿਪ 'ਚ ਉਨ੍ਹਾਂ ਨੇ ਆਪਣੇ ਪੁੱਤ ਡੋਨਾਲਡ ਨਾਲ ਹਿੱਸਾ ਲਿਆ ਸੀ। 
ਤੁਹਾਨੂੰ ਦੱਸ ਦਈਏ ਕਿ ਬੋਬ ਕਮਰਸ਼ੀਅਲ ਪਾਇਲਟ ਰਹਿ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਾਲ 1974 'ਚ ਉਹ 120 ਯਾਤਰੀਆਂ ਨਾਲ ਓਟਾਵਾ, ਟੋਰਾਂਟੋ, ਵਿਨੀਪੈੱਗ ਅਤੇ ਐਡਮਿੰਟਨ ਦੇ ਸਫਰ ਲਈ ਨਿਕਲੇ ਸਨ ਅਤੇ ਇੱਥੇ ਇਕ ਹਾਈਜੈਕਰ ਨੇ ਚਾਕੂ ਦਿਖਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਬੋਬ ਦੀ ਚੁਸਤੀ ਸਦਕਾ ਉਹ ਸਾਰਿਆਂ ਨੂੰ ਬਚਾਉਣ 'ਚ ਸਫਲ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਹੌਂਸਲਾ ਨਹੀਂ ਛੱਡਿਆ ਅਤੇ ਹੁਣ ਵੀ ਉਨ੍ਹਾਂ ਅੰਦਰ ਹੌਂਸਲਾ ਭਰਿਆ ਹੋਇਆ ਹੈ।


Related News