ਜਾਰਜੀਆ ਦੇ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ''ਤੇ ਲੱਗੇ ਡਾਕਟਰੀ ਸ਼ੋਸ਼ਣ ਦੇ ਇਲਜ਼ਾਮ

Friday, Oct 23, 2020 - 10:03 PM (IST)

ਜਾਰਜੀਆ ਦੇ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ''ਤੇ ਲੱਗੇ ਡਾਕਟਰੀ ਸ਼ੋਸ਼ਣ ਦੇ ਇਲਜ਼ਾਮ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਗਲੀ ਕਾਰਵਾਈ ਕਰਨ ਲਈ ਨਜ਼ਰਬੰਦੀ ਕੇਂਦਰਾਂ ਵਿਚ ਭੇਜਿਆ ਜਾਂਦਾ ਹੈ ਪਰ ਕਈ ਵਾਰ ਇਨ੍ਹਾਂ ਕੇਂਦਰਾਂ ਵਿਚ ਨਜ਼ਰਬੰਦ ਲੋਕਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ। ਇਸ ਦੀ ਮਿਸਾਲ ਜਾਰਜੀਆ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰ ਵਿਚ ਸਾਹਮਣੇ ਆਈ ਹੈ। ਇਕ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ ਕਿ ਇੱਥੋਂ ਦੇ ਇਕ ਕੇਂਦਰ ਵਿਚ ਘੱਟੋ-ਘੱਟ 19 ਬੀਬੀਆਂ ਨੇ ਇਕ ਡਾਕਟਰ ਤੇ  ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਬੇਲੋੜੇ ਆਪਰੇਸ਼ਨ ਕਰਨ ਦਾ ਦੋਸ਼ ਲਗਾਇਆ ਹੈ।

ਇਸ ਨਵੀਂ ਰਿਪੋਰਟ ਨੂੰ ਪ੍ਰਮਾਣਤ ਓ ਬੀ- ਗਾਈਐਨੀਜ਼ ਦੇ ਨੌਂ ਮੈਂਬਰਾਂ ਅਤੇ ਦੋ ਨਰਸਿੰਗ ਮਾਹਰਾਂ ਦੀ ਟੀਮ ਰਾਹੀਂ ਲਿਖਿਆ ਗਿਆ ਹੈ। ਇਰਵਿਨ ਕਾਊਂਟੀ ਦੇ ਇਸ ਹਿਰਾਸਤ ਕੇਂਦਰ ਦਾ ਮਾਮਲਾ ਇਕ ਨਰਸ ਰਾਹੀਂ ਇਸ ਕੇਂਦਰ ਵਿਚ ਪ੍ਰਵਾਸੀ ਜਨਾਨੀਆਂ ਦੀ ਦੇਖਭਾਲ ਸੰਬੰਧੀ ਜਾਂਚ ਦੀ ਇਕ ਲੜੀ ਸਥਾਪਤ ਕਰਨ ਤੋਂ ਇਕ ਮਹੀਨਾ ਬਾਅਦ ਆਇਆ ਹੈ, ਜਿਸ ਦੀ ਨਿਗਰਾਨੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਰਾਹੀਂ ਕੀਤੀ ਜਾ ਰਹੀ ਹੈ। 

ਰਿਪੋਰਟ ਮੁਤਾਬਕ 19 ਔਰਤਾਂ ਇਰਵਿਨ ਕਾਉਂਟੀ ਨਜ਼ਰਬੰਦੀ ਕੇਂਦਰ ਦੇ ਮੁੱਖ ਗਾਇਨੀਕੋਲੋਜਿਸਟ ਡਾ. ਮਹਿੰਦਰ ਅਮੀਨ ਦੀਆਂ ਮਰੀਜ਼ ਸਨ। ਉਨ੍ਹਾਂ ਸਭ ਨੇ ਇਸ ਡਾਕਟਰ 'ਤੇ ਸਹਿਮਤੀ ਤੋਂ ਬਿਨਾਂ ਆਪ੍ਰੇਸ਼ਨ ਕਰਨ ਦਾ ਦੋਸ਼ ਲਗਾਇਆ ਹੈ ਜਿਹੜੀ ਕਿ ਉਨ੍ਹਾਂ ਦੇ ਪ੍ਰਜਣਨ ਤੰਤਰ ਨਾਲ ਸੰਬੰਧਤ ਸੀ ਅਤੇ ਇਸ ਸੰਬੰਧ ਵਿਚ ਪੈਥੋਲੋਜੀ ਅਤੇ ਰੇਡੀਓਲੌਜੀ ਰਿਪੋਰਟਾਂ,  ਸਹਿਮਤੀ ਫਾਰਮ,  ਟੈਲੀਫੋਨ ਇੰਟਰਵਿਊਜ਼ ਅਤੇ ਹੋਰ ਕਾਗਜ਼ਾਤ, ਡਾਕਟਰ ਰਾਹੀਂ ਬੀਬੀਆਂ ਦੇ ਡਾਕਟਰੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਗਵਾਹੀ ਦਿੰਦੇ ਹਨ। ਇਨ੍ਹਾਂ ਪੀੜਤਾਂ ਵਿਚੋਂ ਜ਼ਿਆਦਾਤਰ ਕਾਲੇ, ਲਾਤੀਨੋ, ਕੈਰੇਬੀਅਨ, ਅਫਰੀਕਾ ਅਤੇ ਲੇਟਿਨ ਅਮਰੀਕਾ ਤੋਂ ਹਨ ਜੋ ਆਪਣੇ ਨਾਲ ਹੋਈ ਬਦਸਲੂਕੀ ਬਾਰੇ ਦੱਸਣ ਲਈ ਅੱਗੇ ਆ ਰਹੇ ਹਨ ਪਰ ਇਸ ਮਾਮਲੇ ਵਿਚ ਡਾ. ਅਮਿਨ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਸ ਦੇ ਵਕੀਲ ਗਰੂਬਮਨ ਅਨੁਸਾਰ ਡਾ. ਅਮੀਨ ਇਕ ਬਹੁਤ ਹੀ ਸਤਿਕਾਰਯੋਗ ਡਾਕਟਰ ਹੈ, ਜਿਸ ਨੇ ਆਪਣੀ ਜ਼ਿੰਦਗੀ ਨੂੰ ਪੇਂਡੂ ਜਾਰਜੀਆ ਵਿਚ ਲੋਕਾਂ ਦੇ ਇਲਾਜ ਲਈ ਸਮਰਪਿਤ ਕੀਤਾ ਹੈ।  ਡਾ. ਅਮੀਨ ਜਾਂਚਕਰਤਾਵਾਂ ਦਾ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਜਾਂਚ ਦਾ ਇੰਤਜ਼ਾਰ ਕਰ ਵੀ ਰਿਹਾ ਹੈ
 


author

Sanjeev

Content Editor

Related News