ਓਮਾਨ ਦੀ ਮਸਜਿਦ ''ਚ ਤਾਬੜਤੋੜ ਗੋਲੀਬਾਰੀ; 5 ਲੋਕਾਂ ਦੀ ਮੌਤ, 3 ਹਮਲਾਵਰ ਵੀ ਢੇਰ
Tuesday, Jul 16, 2024 - 10:42 PM (IST)

ਦੁਬਈ : ਓਮਾਨ ਦੀ ਇਕ ਸ਼ੀਆ ਮਸਜਿਦ ਵਿਚ ਕਈ ਹਮਲਾਵਰਾਂ ਵਲੋਂ ਕੀਤੀ ਗਈ ਗੋਲੀਬਾਰੀ ਵਿਚ 5 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਪੁਲਸ ਅਧਿਕਾਰੀ ਸਮੇਤ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਪਾਕਿਸਤਾਨੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਘਟਨਾ ਵਿਚ ਉਸਦੇ ਚਾਰ ਨਾਗਰਿਕ ਮਾਰੇ ਗਏ ਹਨ ਅਤੇ 30 ਜ਼ਖਮੀ ਹੋਏ ਹਨ। ਰਾਇਲ ਓਮਾਨ ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਗੋਲੀਬਾਰੀ ਸੋਮਵਾਰ ਰਾਤ ਨੂੰ ਓਮਾਨ ਦੀ ਰਾਜਧਾਨੀ ਮਸਕਟ ਦੇ ਵਾਦੀ ਕਬੀਰ ਇਲਾਕੇ ਵਿਚ ਹੋਈ। ਓਮਾਨ ਦੀ ਸਰਕਾਰੀ ਨਿਊਜ਼ ਏਜੰਸੀ ਨੇ ਦੱਸਿਆ ਕਿ ਤਿੰਨ ਹਮਲਾਵਰ ਮਾਰੇ ਗਏ ਹਨ। ਏਜੰਸੀ ਨੇ ਦੱਸਿਆ ਕਿ ਇਸ ਘਟਨਾ 'ਚ ਵੱਖ-ਵੱਖ ਦੇਸ਼ਾਂ ਦੇ 28 ਨਾਗਰਿਕ ਜ਼ਖਮੀ ਹੋਏ ਹਨ। ਗੋਲੀਬਾਰੀ ਦੀ ਘਟਨਾ ਆਸ਼ੂਰਾ ਦੀ ਸ਼ਾਮ ਨੂੰ ਵਾਪਰੀ। ਆਸ਼ੂਰਾ ਪੈਗੰਬਰ ਮੁਹੰਮਦ ਦੇ ਪੋਤੇ ਇਮਾਮ ਹੁਸੈਨ ਦੀ ਸ਼ਹਾਦਤ ਦੀ ਯਾਦ ਵਿਚ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਪੂਜਾ ਖੇਡਕਰ ਨੇ ਪੁਣੇ ਦੇ ਡੀਐੱਮ ਖ਼ਿਲਾਫ਼ ਦਰਜ ਕਰਵਾਇਆ ਛੇੜਛਾੜ ਦਾ ਮੁਕੱਦਮਾ, ਤਬਾਦਲੇ ਦਾ ਦਿੱਤਾ ਸੀ ਹੁਕਮ
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਉਹ ਇਮਾਮ ਬਾਰਗਾਹ ਅਲੀ ਬਿਨ ਅਬੂ ਤਾਲਿਬ ਮਸਜਿਦ 'ਤੇ ਕਾਇਰਾਨਾ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕਰਦਾ ਹੈ। ਪਾਕਿਸਤਾਨ ਦੇ ਸੂਚਨਾ ਦਫ਼ਤਰ ਵੱਲੋਂ ਜਾਰੀ ਇਕ ਵੱਖਰੇ ਬਿਆਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਨੂੰ ਖੁਸ਼ੀ ਹੈ ਕਿ ਓਮਾਨ ਸਰਕਾਰ ਨੇ ਹਮਲਾਵਰਾਂ ਨੂੰ ਮਾਰ ਦਿੱਤਾ ਹੈ ਅਤੇ ਪਾਕਿਸਤਾਨ ਨੇ ਮੁਹੱਰਮ ਦੇ ਪਵਿੱਤਰ ਮਹੀਨੇ 'ਚ ਇਸ ਘਿਨਾਉਣੇ ਅਪਰਾਧ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਲਈ ਮਦਦ ਦੀ ਪੇਸ਼ਕਸ਼ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8