ਮਰੀਅਮ ਔਰੰਗਜ਼ੇਬ ਨੇ ਪਾਕਿ ਦੇ ਸਾਬਕਾ ਪ੍ਰਧਾਨਮੰਤਰੀ ਇਮਰਾਨ ਨੂੰ ਲਿਆ ਨਿਸ਼ਾਨੇ ''ਤੇ, ਆਖੀਆਂ ਇਹ ਗੱਲਾਂ
Monday, May 02, 2022 - 03:47 PM (IST)

ਇਸਲਾਮਾਬਾਦ- ਪਾਕਿਸਤਾਨ ਨੈਸ਼ਨਲ ਅਸੈਂਬਲੀ ਦੀ ਮੈਂਬਰ ਤੇ ਪੀ. ਐੱਮ. ਐੱਲ. -ਐੱਨ ਦੀ ਨੇਤਾ ਮਰੀਅਮ ਔਰੰਗਜ਼ੇਬ ਨੇ ਸਾਬਕਾ ਪ੍ਰਧਾਨਮੰਤਰੀ ਇਮਰਾਨ ਖ਼ਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਦੀਆਂ ਨੀਤੀਆਂ ਦੀ ਜੰਮ ਕੇ ਆਲੋਚਨਾ ਕੀਤੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਮਰਾਨ ਖ਼ਾਨ ਦੀ ਅਯੋਗਤਾ ਦਾ ਖ਼ਾਮਿਆਜ਼ਾ ਹੀ ਦੇਸ਼ ਦੀ ਜਨਤਾ ਝੱਲ ਰਹੀ ਹੈ। ਉਨ੍ਹਾਂ ਮੁਤਾਬਕ ਇਮਰਾਨ ਦੀ ਗ਼ਲਤ ਨੀਤੀਆਂ ਦੀ ਬਦੌਲਤ ਹੀ ਦੇਸ਼ 'ਚ ਮਹਿੰਗਾਈ ਸਤਵੇਂ ਆਸਮਾਨ 'ਤੇ ਪੁੱਜ ਗਈ। ਉਨ੍ਹਾਂ ਕਾਰਨ ਦੇਸ਼ 'ਚ ਬੇਰੋਜ਼ਗਾਰੀ ਦੀ ਗਿਣਤੀ 'ਚ ਜ਼ਬਰਦਸਤ ਵਾਧਾ ਹੋਇਆ।
ਇਸਲਾਮਾਬਾਦ 'ਚ ਇਕ ਪੱਤਰਕਾਰ ਸੰਮੇਲਨ 'ਚ ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਰਹਿੰਦੇ ਹੋਏ ਇਮਰਾਨ ਖ਼ਾਨ ਨੇ ਆਪਣੇ ਹੱਕਾਂ ਦੀ ਗ਼ਲਤ ਵਰਤੋਂ ਕੀਤੀ। ਸੱਤਾ ਦੀ ਤਾਕਤ ਦਾ ਫਾਇਦਾ ਉਨ੍ਹਾਂ ਨੇ ਮੌਜੂਦਾ ਪੀ. ਐੱਮ. ਸ਼ਾਹਬਾਜ਼ ਸ਼ਰੀਫ਼ ਸਮੇਤ ਹੋਰਨਾਂ ਨੇਤਾਵਾਂ ਨੂੰ ਫਸਾਉਣ ਲਈ ਕੀਤਾ। ਰੇਡੀਓ ਪਾਕਿਸਤਾਨ ਦੇ ਮੁਤਾਬਕ ਮਰੀਅਮ ਨੇ ਕਿਹਾ ਕਿ ਪੀ. ਐੱਮ. ਦੇ ਆਪਣੇ ਕਾਰਜਕਾਲ ਦੌਰਾਨ ਇਮਰਾਨ ਖ਼ਾਨ ਨੇ ਸਿਰਫ਼ ਪੀ. ਐੱਮ. ਐੱਲ.-ਐੱਨ ਦੇ ਖ਼ਿਲਾਫ਼ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਹੀ ਹੈ ਜਿਨ੍ਹਾਂ ਨੇ ਆਪਣੇ ਚੁਣੇ ਹੋਏ ਮੈਂਬਰਾਂ ਨੂੰ ਇਹ ਹੱਕ ਦਿੱਤਾ ਕਿ ਉਹ ਇਮਰਾਨ ਖ਼ਾਨ ਨੂੰ ਬਾਹਰ ਦਾ ਰਸਤਾ ਦਿਖਾ ਸਕਣ।
ਪੱਤਰਕਾਰ ਸੰਮੇਲਨ 'ਚ ਮਰੀਅਮ ਤੋਂ ਇਮਰਾਨ ਖ਼ਾਨ ਨੂੰ ਮਿਲੇ ਗਿਫਟ ਦੇ ਬਾਰੇ ਵੀ ਸਵਾਲ ਕੀਤੇ ਗਏ। ਇਨ੍ਹਾਂ ਦੇ ਜਵਾਬ 'ਚ ਮਰੀਅਮ ਨੇ ਕਿਹਾ ਕਿ ਇਮਰਾਨ ਖ਼ਾਨ ਨੇ ਤੋਸ਼ੇਖਾਨਾ ਦੇ ਮਹਿੰਗੇ ਤੋਹਫਿਆਂ ਨੂੰ ਆਪਣੇ ਕੋਲ ਰੱਖ ਲਿਆ। ਇਸ 'ਚ ਸਾਢੇ 10 ਕਰੋੜ ਰੁਪਏ ਦੀ ਇਕ ਬੀ. ਐੱਮ. ਡਬਲਯੂ. ਕਾਰ ਵੀ ਸ਼ਮਲ ਹੈ। ਮਰੀਅਮ ਦੇ ਮੁਤਾਬਕ ਇਮਰਾਨ ਨੂੰ ਇਕ ਪਸਤੌਲ ਵੀ ਗਿਫਟ ਕੀਤੀ ਗਈ ਸੀ ਜਿਸ ਦਾ ਜ਼ਿਕਰ ਤੋਸ਼ੇਖਾਨਾ ਦੇ ਰਿਕਾਰਡ 'ਚ ਨਹੀਂ ਕੀਤਾ ਗਿਆ। ਇਸ ਨੂੰ ਉੱਥੇ ਰਜਿਸਟਰਡ ਹੀ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਮਰਾਨ ਖਾਨ ਨੇ ਪੀ. ਐੱਮ. ਰਹਿੰਦੇ ਹੋਏ ਇਸ ਨੂੰ ਗ਼ੈਰ ਕਾਨੂੰਨੀ ਤੌਰ 'ਤੇ ਆਪਣੇ ਕੋਲ ਰੱਖਿਆ।