ਕੈਨੇਡਾ : ਨਿੱਕਾ ਜਿਹਾ ਝੂਠ ਲੁਕਾਉਣ ਲਈ ਨੌਜਵਾਨ ਨੇ ਕੀਤਾ ਸਾਰੇ ਪਰਿਵਾਰ ਦਾ ਕਤਲ

10/27/2020 2:11:48 PM

ਮਾਰਖਮ- ਕੈਨੇਡੀਅਨ ਸੂਬੇ ਓਂਟਾਰੀਓ ਦੇ ਸ਼ਹਿਰ ਮਾਰਖਮ 'ਚ ਰਹਿਣ ਵਾਲੇ 24 ਸਾਲਾ ਇਕ ਨੌਜਵਾਨ ਨੇ ਅਦਾਲਤ ਵਿਚ ਆਪਣੇ ਪਰਿਵਾਰ ਦੇ 4 ਜੀਆਂ ਦਾ ਕਤਲ ਕਰਨ ਦਾ ਦੋਸ਼ ਕਬੂਲ ਕਰ ਲਿਆ ਹੈ। ਸੋਮਵਾਰ ਨੂੰ ਉਸ ਨੇ ਅਦਾਲਤ ਵਿਚ ਦੱਸਿਆ ਕਿ ਪਿਛਲੀਆਂ ਗਰਮੀਆਂ ਵਿਚ ਉਸ ਨੇ ਆਪਣੀ ਮਾਂ, ਬਾਪ, ਭੈਣ ਤੇ ਦਾਦੀ ਦਾ ਕਤਲ ਕਰ ਦਿੱਤਾ ਸੀ। ਉਸ ਨੇ ਥੋੜ੍ਹੇ-ਥੋੜ੍ਹੇ ਘੰਟਿਆਂ ਦੇ ਬਾਅਦ ਆਪਣੇ ਸਾਰੇ ਪਰਿਵਾਰ ਨੂੰ ਮਾਰਿਆ ਤੇ ਇਸ ਦੌਰਾਨ ਆਰਾਮ ਨਾਲ ਵੀਡੀਓ ਗੇਮ ਖੇਡਦਾ ਰਿਹਾ। 

PunjabKesari

ਮੈਨਜ਼ ਜ਼ਾਮਨ ਨਾਂ ਦੇ ਇਸ ਦੋਸ਼ੀ ਨੇ ਵਰਚੁਅਲ ਸੁਣਵਾਈ ਦੌਰਾਨ ਕਿਹਾ ਕਿ ਮੈਂ ਆਪਣੀ ਗਲਤੀ ਦੀ ਮੁਆਫੀ ਮੰਗਦਾ ਹਾਂ। 27 ਜੁਲਾਈ, 2019 ਨੂੰ ਪੁਲਸ ਨੂੰ ਐਮਰਜੈਂਸੀ ਕਾਲ ਆਈ ਤੇ ਜਦ ਪੁਲਸ ਉਸ ਘਰ ਵਿਚ ਪੁੱਜੀ ਤਾਂ ਜ਼ਾਮਨ ਘਰ ਦੇ ਦਰਵਾਜ਼ੇ 'ਤੇ ਖੜ੍ਹਾ ਸੀ ਤੇ ਕੋਲ ਹੀ ਲਾਸ਼ਾਂ ਪਈਆਂ ਸਨ। ਪੁਲਸ ਨੇ ਜ਼ਾਮਨ ਨੂੰ ਹਿਰਾਸਤ ਵਿਚ ਲੈ ਲਿਆ। ਮ੍ਰਿਤਕਾਂ ਦੀ ਪਛਾਣ 50 ਸਾਲਾ ਮੋਮੋਤਾਜ਼ ਬੇਗਮ (ਮਾਂ), 59 ਸਾਲਾ ਮੋਨੀਰੁਜ਼ ਜ਼ਾਮਨ (ਪਿਤਾ), 70 ਸਾਲਾ ਫਿਰੋਜ਼ਾ ਬੇਗਮ (ਦਾਦੀ) ਅਤੇ 21 ਸਾਲਾ ਮਲੀਸਾ ਜ਼ਾਮਨ (ਭੈਣ) ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਕੈਲੀਫੋਰਨੀਆ : ਤੂਫ਼ਾਨੀ ਹਵਾਵਾਂ ਕਾਰਨ ਹਾਈਵੇਅ 'ਤੇ ਪਲਟੇ 5 ਟਰਾਲੇ, ਹਜ਼ਾਰਾਂ ਘਰਾਂ ਦੀ ਬੱਤੀ ਗੁੱਲ

ਜਾਂਚ ਵਿਚ ਪਤਾ ਲੱਗਾ ਕਿ ਪਹਿਲਾਂ ਉਸ ਨੇ ਆਪਣੀ ਮਾਂ ਦਾ ਕਤਲ ਕੀਤਾ ਤੇ ਇਕ ਘੰਟੇ ਬਾਅਦ ਆਪਣੀ ਦਾਦੀ ਦਾ ਫਿਰ ਉਹ ਵੀਡੀਓ ਗੇਮ ਖੇਡਦਾ ਰਿਹਾ ਤੇ ਆਪਣੇ ਪਿਤਾ ਤੇ ਭੈਣ ਦੇ ਘਰ ਆਉਣ ਦਾ ਇੰਤਜ਼ਾਰ ਕਰਦਾ ਰਿਹਾ। ਰਾਤ ਨੂੰ ਉਸ ਨੇ ਆਪਣੀ ਭੈਣ ਦਾ ਕਤਲ ਕੀਤਾ ਤੇ ਫਿਰ ਇਕ ਘੰਟੇ ਬਾਅਦ ਆਪਣੇ ਪਿਤਾ ਦਾ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੇ ਸਾਰਿਆਂ ਦੇ ਸਿਰਾਂ ਵਿਚ ਕੋਈ ਚੀਜ਼ ਮਾਰੀ ਸੀ ਤੇ ਫਿਰ ਜਦ ਉਹ ਡਿਗੇ ਤਾਂ ਉਨ੍ਹਾਂ ਦਾ ਗਲਾ ਵੱਢ ਦਿੱਤਾ। 

ਕਤਲ ਮਗਰੋਂ ਉਸ ਨੇ ਆਪਣੇ ਇਕ ਦੋਸਤ ਨੂੰ ਦੱਸਿਆ ਕਿ ਉਸ ਦਾ ਪਰਿਵਾਰ ਸਮਝਦਾ ਸੀ ਕਿ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ ਪਰ ਉਹ 2015 ਵਿਚ ਫੇਲ੍ਹ ਹੋਣ ਕਾਰਨ ਕਾਲਜ ਛੱਡ ਚੁੱਕਾ ਸੀ ਤੇ ਜਿੰਮ ਤੇ ਮਾਲ ਵਿਚ ਹੀ ਸਮਾਂ ਗੁਜ਼ਾਰਦਾ ਸੀ। ਉਸ ਦੇ ਪਰਿਵਾਰ ਨੂੰ ਲੱਗਦਾ ਸੀ ਕਿ ਹੁਣ ਉਸ ਨੂੰ 2019 ਵਿਚ ਇੰਜੀਨੀਅਰਿੰਗ ਦੀ ਡਿਗਰੀ ਮਿਲਣੀ ਹੈ ਪਰ ਇਸ ਨਿੱਕੇ ਜਿਹੇ ਝੂਠ ਨੂੰ ਲੁਕਾਉਣ ਲਈ ਕਾਲਜ ਨਤੀਜਿਆਂ ਦੇ ਇਕ ਦਿਨ ਬਾਅਦ ਹੀ ਉਸ ਨੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ। ਪਰਿਵਾਰ ਦੇ ਦੋਸਤਾਂ ਨੇ ਅਪੀਲ ਕੀਤੀ ਹੈ ਕਿ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਕਿਉਂਕਿ ਜੇਕਰ ਉਹ ਆਜ਼ਾਦ ਰਿਹਾ ਤਾਂ ਹੋਰਾਂ ਨੂੰ ਵੀ ਮਾਰ ਸਕਦਾ ਹੈ। ਫਿਲਹਾਲ ਉਸ ਨੂੰ 2 ਨਵੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Lalita Mam

Content Editor

Related News