ਮਾਰਕ ਕਾਰਨੀ ਨੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
Friday, Mar 14, 2025 - 10:18 PM (IST)

ਇੰਟਰਨੈਸ਼ਨਲ ਡੈਸਕ - ਮਾਰਕ ਕਾਰਨੀ ਨੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਕੇ ਦੇਸ਼ ਦੀ ਵਾਗਡੋਰ ਸੰਭਾਲ ਲਈ ਹੈ। ਉਨ੍ਹਾਂ ਨੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਕਾਰਨੀ ਦੀ ਅਗਵਾਈ 'ਚ ਇਸ ਨੂੰ ਖਾਸ ਤੌਰ 'ਤੇ ਅਮਰੀਕਾ ਨਾਲ ਵਿਗੜਦੇ ਰਿਸ਼ਤਿਆਂ ਦਰਮਿਆਨ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ।
ਸਹੁੰ ਚੁੱਕ ਤੋਂ ਬਾਅਦ ਪਹਿਲੀ ਚੁਣੌਤੀਆਂ
59 ਸਾਲਾ ਕਾਰਨੀ ਨੇ ਅੰਗਰੇਜ਼ੀ ਅਤੇ ਫ੍ਰੈਂਚ ਦੋਵਾਂ ਭਾਸ਼ਾਵਾਂ ਵਿੱਚ ਸਹੁੰ ਚੁੱਕੀ ਅਤੇ ਰਾਜਾ ਚਾਰਲਸ III ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਗਵਰਨਰ ਜਨਰਲ ਮੈਰੀ ਸਾਈਮਨ ਵੀ ਮੌਜੂਦ ਸਨ। ਕਾਰਨੀ ਕੋਲ ਕੋਈ ਸਿਆਸੀ ਤਜਰਬਾ ਨਹੀਂ ਹੈ ਪਰ ਅਰਥ ਸ਼ਾਸਤਰ ਅਤੇ ਵਿੱਤੀ ਮਾਮਲਿਆਂ 'ਤੇ ਉਨ੍ਹਾਂ ਦੀ ਮਜ਼ਬੂਤ ਪਕੜ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਸ ਅਹੁਦੇ ਲਈ ਢੁਕਵਾਂ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਅਮਰੀਕਾ-ਕੈਨੇਡਾ ਦੇ ਤਣਾਅਪੂਰਨ ਸਬੰਧਾਂ ਨੂੰ ਸੁਧਾਰਨ ਦੀ ਹੋਵੇਗੀ, ਜੋ ਹਾਲ ਹੀ ਵਿੱਚ ਵਿਗੜ ਗਏ ਹਨ।
ਕੈਬਨਿਟ 'ਚ ਬਦਲਾਅ
ਕਾਰਨੀ ਨੇ ਆਪਣੇ ਮੰਤਰੀ ਮੰਡਲ 'ਚ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨੂੰ ਅੰਤਰਰਾਸ਼ਟਰੀ ਵਪਾਰ ਵਿਭਾਗ ਵਿੱਚ ਤਬਦੀਲ ਕੀਤਾ ਜਾਵੇਗਾ, ਜਦੋਂ ਕਿ ਇਨੋਵੇਸ਼ਨ ਮੰਤਰੀ ਫ੍ਰੈਂਕੋਇਸ-ਫਿਲਿਪ ਸ਼ੈਂਪੇਨ ਹੁਣ ਨਵੇਂ ਵਿੱਤ ਮੰਤਰੀ ਹੋਣਗੇ। ਇਸ ਬਦਲਾਅ ਦਾ ਮਕਸਦ ਕੈਨੇਡਾ ਦੇ ਯੂਰਪੀ ਗਠਜੋੜ ਨੂੰ ਮਜ਼ਬੂਤ ਕਰਨਾ ਹੈ।
ਬਲੂਮਬਰਗ ਦੀ ਰਿਪੋਰਟ ਮੁਤਾਬਕ ਮਾਰਕ ਕਾਰਨੀ ਦੀ ਨਵੀਂ ਕੈਬਨਿਟ ਟਰੂਡੋ ਦੀ ਕੈਬਨਿਟ ਨਾਲੋਂ ਅੱਧੀ ਹੋ ਸਕਦੀ ਹੈ। ਸੂਤਰਾਂ ਦੇ ਹਵਾਲੇ ਨਾਲ ਰਿਪੋਰਟ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਮੰਤਰੀ ਮੰਡਲ 'ਚ 15 ਤੋਂ 20 ਮੰਤਰੀ ਹੋਣ ਦੀ ਉਮੀਦ ਹੈ, ਜਦਕਿ ਮੌਜੂਦਾ ਸਮੇਂ 'ਚ ਪ੍ਰਧਾਨ ਮੰਤਰੀ ਸਮੇਤ 37 ਮੰਤਰੀ ਹਨ।