ਮਾਅੋਵਾਦੀ ਬਾਗੀਆਂ ਨੇ ਫਿਲੀਪੀਂਸ ਦੇ ਰਾਸ਼ਟਰਪਤੀ ਦੇ ਸੁਰੱਖਿਆ ਕਰਮੀਆਂ ''ਤੇ ਕੀਤਾ ਹਮਲਾ

Wednesday, Jul 19, 2017 - 12:30 PM (IST)

ਮਨੀਲਾ— ਸੈਨਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਫਿਲੀਪੀਂਸ ਦੇ ਦੱਖਣੀ ਮਿਨਦਾਨੋ ਵਿਚ ਕਲ ਇਕ ਸੁਰੱਖਿਆ ਨਾਕਾਬੰਦੀ 'ਤੇ ਫ਼ੌਜੀਆਂ ਦੇ ਭੇਸ ਵਿਚ ਲੁਕੇ ਮਾਅੋਵਾਦੀ ਬਾਗੀਆਂ ਦੇ ਹਮਲੇ ਵਿਚ ਰਾਸ਼ਟਰਪਤੀ ਦੇ ਸੁਰੱਖਿਆ ਦਸਤੇ ਦੇ ਚਾਰ ਗਾਰਡ ਜ਼ਖਮੀ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਇਸ ਘਟਨਾ ਨਾਲ ਸਰਕਾਰ ਅਤੇ ਕਮਿਊਨਿਸਟ ਬਾਗੀਆਂ ਦੀ ਹਥਿਆਰਬੰਦ ਇਕਾਈ ਡੈਮੋਕਰੇਟਿਕ ਫਰੰਟ ਦੇ ਵਿਚ ਚੱਲ ਰਹੀ ਸ਼ਾਂਤੀ ਗੱਲਬਾਤ ਖਟਾਈ ਵਿਚ ਪੈ ਸਕਦੀ ਹੈ। 
ਇਹ ਪ੍ਰਸਤਾਵਿਤ ਸ਼ਾਂਤੀ ਗੱਲਬਾਤ ਇਸ ਹਫਤੇ ਦੇ ਅੰਤ ਵਿਚ ਨੀਦਰਲੈਂਡ ਵਿਚ ਹੋਵੇਗੀ। ਇਸ ਵਿਚ ਦੇਸ਼ ਵਿਚ 50 ਸਾਲਾਂ ਤੋਂ ਜਾਰੀ ਝਗੜਿਆਂ ਨੂੰ ਸੁਲਝਾਉਣ ਦੀ ਦਿਸ਼ਾ ਵਿਚ ਗੱਲਬਾਤ ਹੋਣੀ ਹੈ। ਬੀਤੇ 50 ਸਾਲਾਂ ਵਿਚ ਦੋਹਾਂ ਪਾਸਿਓਂ ਹਿੰਸਕ ਝੜਪਾਂ ਵਿਚ 40 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। 
ਸੁਰੱਖਿਆ ਦਸਤੇ ਦੇ ਪ੍ਰਮੁੱਖ ਕਮਾਂਡਰ ਬ੍ਰਿਗੇਡੀਅਰ ਜਨਰਲ ਲੁਈ ਦਾਗੋਯ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਮਲਾ ਉੱਤਰੀ ਕੋਟਾਬਾਟੋ ਪ੍ਰਾਂਤ ਵਿਚ ਇਕ ਸੁਰੱਖਿਆ ਨਾਕੇ 'ਤੇ ਕੀਤਾ ਗਿਆ ਜਿੱਥੇ ਸੈਨਾ ਦੀ ਵਰਦੀ ਪਾਏ 10 ਤੋਂ ਜ਼ਿਆਦਾ ਮਾਅੋਵਾਦੀਆਂ ਨੇ ਸੁਰੱਖਿਆ ਦਸਤੇ 'ਤੇ ਚਾਰੇ ਪਾਸਿਓਂ ਗੋਲੀਬਾਰੀ ਸੁਰੂ ਕਰ ਦਿੱਤੀ ਅਤੇ ਇਸ ਮਗਰੋਂ ਮੌਕੇ ਤੋਂ ਭੱਜ ਗਏ। ਇਸ ਹਮਲੇ ਵਿਚ ਚਾਰ ਸੁਰੱਖਿਆ ਗਾਰਡ ਜ਼ਖਮੀ ਹੋ ਗਏ। ਗੌਰਤਲਬ ਹੈ ਕਿ ਦੋ ਦਿਨ ਪਹਿਲਾਂ ਹੀ ਰਾਸ਼ਟਰਪਤੀ ਦੁਤੇਤਰੇ ਨੇ ਸੰਸਦ ਦੇ ਦੋਹਾਂ ਸਦਨਾਂ ਤੋਂ ਮਿਨਦਾਨੋ ਵਿਚ ਇਸ ਸਾਲ ਦੇ ਅੰਤ ਤੱਕ ਮਾਰਸ਼ਲ ਲਾਅ ਵਧਾਉਣ ਨੂੰ ਕਿਹਾ ਸੀ ਤਾਂ ਜੋ ਸੁਰੱਖਿਆ ਬਲਾਂ ਨੂੰ ਇਸਲਾਮਿਕ ਅੱਤਵਾਦੀਆਂ ਵਿਰੁੱਧ ਮੁਹਿੰਮ ਵਿਚ ਹੋਰ ਥੋੜ੍ਹਾ ਸਮਾਂ ਮਿਲ ਜਾਏ। ਰਾਸ਼ਟਰਪਤੀ ਨੇ ਕਲ ਹੀ ਆਪਣੇ ਸ਼ਾਂਤੀ ਗੱਲਬਾਤ ਕਰਨ ਵਾਲਿਆਂ ਨਾਲ ਮਿਲ ਕੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਜਦੋਂ ਤੱਕ ਨੈਸ਼ਨਲ ਪੀਪਲਸ ਏਲਾਯੰਸ ਦੇ ਬਾਗੀ ਸਰਕਾਰੀ ਸੈਨਿਕਾਂ 'ਤੇ ਹਮਲਾ ਕਰਨਾ ਬੰਦ ਨਹੀਂ ਕਰਦੇ ਉਦੋਂ ਤੱਕ ਕਿਸੇ ਦੋ-ਪੱਖੀ ਜੰਗਬੰਦੀ ਦੀ ਘੋਸ਼ਣਾ ਨਹੀ ਕੀਤੀ ਜਾਣੀ ਚਾਹੀਦੀ। ਇਸ ਵਿਚ ਪੁਲਸ ਅਤੇ ਸੈਨਾ ਨੇ ਕਿਹਾ ਹੈ ਕਿ ਇਹ ਹਮਲਾ ਸੁਰੱਖਿਆ ਦਸਤੇ ਨੂੰ ਨਿਸ਼ਾਨਾ ਬਣਾ ਕੇ ਨਹੀਂ ਕੀਤਾ ਗਿਆ ਕਿਉਂਕਿ ਸੁਰੱਖਿਆ ਕਰਮੀ ਸਾਦੀ ਵਰਦੀ ਵਿਚ ਸਨ।


Related News