ਮਨਮੀਤ ਤੂੰ ਕਿਤੇ ਨੀ ਗਿਆ, ਐਥੇ ਸਾਡੇ ਕੋਲ ਹੀ ਆ, ਸਾਡੇ ਦਿਲ ''ਚ

10/28/2020 3:28:46 PM

ਮਨਮੀਤ ਤੂੰ ਸਾਡੇ ਕੋਲ ਹੀ ਆ, ਆਹ ਵੇਖ ਸਾਡੇ ਦਿਲ 'ਚ
ਉਸ ਨੂੰ ਯਾਰੀਆਂ ਪਾਉਣ ਤੇ ਨਿਭਾਉਣ ਦਾ ਸ਼ੌਂਕ ਸੀ। ਨਾਲੇ ਉਸ ਦੇ ਸੁਭਾਅ ਵਿੱਚ ਅਜੀਬ ਜਿਹੀ ਕਾਹਲ ਸੀ। ਹਰੇਕ ਥਾਂ ਚੰਗਾ ਤੇ ਅੱਗੇ ਹੋਣ ਵਾਲਾ ਸੁਭਾਅ ਉਸ ਨੂੰ ਕਿਤੇ ਵੀ ਟਿਕਣ ਨਹੀਂ ਸੀ ਦਿੰਦਾ। ਕਦੇ ਅਦਾਕਾਰੀ ਕਦੇ ਲੇਖਣੀ ਕਦੇ ਖੇਡਾਂ ਕਦੇ ਭੱਜਕੇ ਰਾਜਨੀਤੀ ਆਲੇ ਪਾਸੇ ਹੋ ਤੁਰਿਆ, ਖ਼ੈਰ ਗਾਉਣ ਆਲੇ ਪਾਸੇ ਤਾਂ ਉਹ ਪਹਿਲਾਂ ਹੀ ਸੀ। ਸ਼ਾਇਦ ਉਹਨੂੰ ਪਤਾ ਸੀ ਕਿ ਮੇਰੇ ਕੋਲ ਟਾਈਮ ਘੱਟ ਆ, ਨਹੀਂ ਤਾਂ ਐਥੇ ਵਿਦੇਸ਼ਾਂ ਵਿੱਚ ਰਹਿੰਦਾ ਬੰਦਾ ਐਨੇ ਥਾਂ ਕਦੇ ਪੂਰਾ ਆਹ ਹੀ ਨਹੀਂ ਸਕਦਾ। ਉਸ ਦੀ ਖ਼ਾਸੀਅਤ ਇਹ ਸੀ ਉਹ ਆਮ ਜਿਹੇ ਬੰਦੇ ਨੂੰ ਵੀ ਖ਼ਾਸ ਵਾਲਾ ਅਹਿਸਾਸ ਕਰਾਈ ਰੱਖਦਾ ਸੀ। ਘਰਦਿਆਂ ਨੇ ਤਾਂ ਪਤਾ ਨੀ ਉਸਦਾ ਕੀ ਸੋਚ ਕੇ ਨਾਮ ਰੱਖਿਆ ਸੀ ਪਰ ਉਹ ਸੱਚੀ ਮੁੱਚੀ ਸਾਰਿਆਂ ਦੇ ਮਨ ਦਾ ਮੀਤ ਸੀ। ਸਭ ਨੂੰ ਅੰਤਾਂ ਦੇ ਪਿਆਰ ਨਾਲ ਮੋਹ ਲੈਣ ਆਲਾ “ਮਨਮੀਤ ਅਲੀਸ਼ੇਰ”। ਕਾਗਜ਼ੀ ਸਿਰਨਾਵੇ ਲਈ ਭਾਵੇਂ ਉਹ ਆਪਣਾ ਪੱਕਾ ਪਤਾ ਬ੍ਰਿਸਬੇਨ ਦਾ ਲਿਖਦਾ ਸੀ ਪਰ ਹਕੀਕਤ ਵਿੱਚ ਆਸਟ੍ਰੇਲੀਆ ਦੇ ਹਰੇਕ ਸ਼ਹਿਰ ਵਿੱਚ ਉਸਦੇ ਇਕ ਤੋਂ ਵੱਧ ਟਿਕਾਣੇ ਸੀ। ਜਿੱਥੇ ਉਹ ਆਪਣੇ ਘਰ ਵਾਂਗ ਵਿਚਰਦਾ ਤੇ ਆਪਣੇ ਘਰਦੇ ਜੀਆਂ ਵਾਂਗ ਰਹਿ ਸਕਦਾ ਸੀ।

ਰੱਬ ਦੀ ਕਰਨੀ ਇਸ ਦੁਨੀਆ ਤੋਂ ਤੁਰ ਜਾਣ ਤੋਂ ਕੁਝ ਦਿਨ ਪਹਿਲਾਂ ਅਚਨਚੇਤ ਉਸ ਦਾ ਇਕ ਸੁਨੇਹਾ ਆਉਂਦਾ ਕਿ ਮੈਂ ਆ ਰਿਹਾਂ ਮੇਲੇ ਲਈ ਤਿਆਰ ਹੋ ਜਾਓ, ਏਅਰਪੋਟ ਤੇ ਆਉਣ ਬਾਰੇ ਪੁੱਛਿਆ ਤਾਂ ਕਹਿੰਦਾ...”ਤੂੰ ਇਕੱਲਾ ਨੀ ਹੋਰ ਵੀ ਦੋਸਤ ਹੈਗੇ ਆ ਉਹ ਆਉਣਗੇ ਖੇਚਲ ਨੀ ਕਰਨੀ, ਕੰਮ ਕਰੋ”। ਸ਼ਾਮ ਨੂੰ ਜਦੋਂ ਕੰਮ ਤੋਂ ਘਰ ਆਏ ਤਾਂ ਸਾਹਮਣੇ ਤੋਂ ਬਰਫ਼ੀ ਦੇ ਡੱਬੇ ਚੱਕੀ ਤੁਰਿਆ ਆਵੇ... ਬੀਬੀ ਇੱਥੇ ਹੀ ਸੀ ਮਾਤਾ ਨੇ ਸਿਰ ਪਲੋਸਦਿਆਂ ਕਿਹਾ ਪੁੱਤ ਇਸ ਦੀ ਕੀ ਲੋੜ ਸੀ ਤਾਂ ਮੁਸਕਰਾ ਕੇ ਕਹਿੰਦਾ... “ਬੀਬੀ ਵੱਡੇ ਬਾਈ ਦੇ ਘਰ ਖਾਲ਼ੀ ਹੱਥ ਨੀ ਜਾਈ ਦਾ”... ਮੈਂ ਉਸ ਵੱਲ ਕੱਨਖਾ ਜਾ ਝਾਕਦਾ ਸਿਰਫ ਐਨਾ ਹੀ ਬੋਲ ਸਕਿਆ... ਸਿਆਣਾ ਹੋ ਗਿਆ ਹੈਂ। ਬੀਬੀ ਨੇ ਵੀ ਉਸਦਾ ਪੱਖ ਪੂਰਿਆ... ਅਖੇ ਲੈ ਸਿਆਣਾ ਹੋਣਾ ਨੀ ਸੁੱਖ ਨਾਲ ਛੇਤੀ ਕਬੀਲਦਾਰ ਹੋ ਜਾਣਾ ਮੁੰਡੇ ਨੇ।

ਸਾਰਾ ਟਾਈਮ ਹੱਸਦਾ ਰਿਹਾ, ਆਪਣੇ ਆਉਣ ਆਲੇ ਗਾਣਿਆਂ, ਫਿਲਮਾਂ ਤੇ ਨਾਟਕਾਂ ਬਾਰੇ ਦੱਸਦਾ ਰਿਹਾ ਜਿਵੇਂ ਸਾਰੀਆਂ ਗੱਲਾਂ ਹੀ ਕਰ ਜਾਣਾ ਚਾਹੁੰਦਾ ਹੋਵੇ...ਐਡੀਲੇਡ ਤੋਂ ਆਖਰੀ ਵਾਰ ਤੁਰ ਲੱਗਾ ਤਾਂ ਕਹਿੰਦਾ ਅਖੇ ਕਰਨ ਘਰੇ ਫ਼ੋਟੋ ਕਰਨੀ ਭੁੱਲ ਗਏ ਸੀ ਆਜੋ ਫ਼ੋਟੋ ਕਰੀਏ.... ਨਾਲੇ ਬਾਈ ਜਿਸ ਨੂੰ ਵੀ ਮਿਲੀਏ ਉਸ ਨਾਲ ਫ਼ੋਟੋ ਜਰੂਰ ਕਰ ਲੈਣੀ ਚਾਹੀਦੀ ਆ ਬੰਦੇ ਦੀ ਯਾਦ ਰਹਿ ਜਾਂਦੀ ਆ... ਜਿਵੇਂ ਰੱਬ ਉਹਦੇ ਮੂੰਹੋਂ ਆਪ ਗੱਲਾਂ ਕਢਾ ਰਿਹਾ ਹੋਵੇ। ਦੋ ਦਿਨ ਬਾਅਦ ਹੀ ਬੈਂਸ ਦਾ ਫ਼ੋਨ ਆ ਗਿਆ ਕਿ ਮਨਮੀਤ ਤਾਂ ਤੁਰ ਗਿਆ। ਉਸਨੂੰ ਇਕ ਸਿਰਫਿਰੇ ਨੇ ਬੱਸ ਵਿੱਚ ਅੱਗ ਲਾ ਦਿੱਤੀ ਤੇ ਉਹ ਮਿੰਟਾਂ ਵਿੱਚ ਹੀ ਖਤਮ ਹੋ ਗਿਆ... ਬੱਸ.. ਇਕ ਵਾਰ ਤਾਂ ਸਭ ਕੁਝ ਖਤਮ ਹੋ ਗਿਆ। ਸਾਰੀ ਦੁਨੀਆ ਰੋਈ ਕੁਰਲਾਈ ਪਰ ਭਾਣਾ ਵਾਪਰ ਚੁੱਕਾ ਸੀ। 

ਰੱਬ ਤੇ ਇਸ ਗੱਲ ਦਾ ਹਰਖ ਸੀ ਐਨੇ ਚੰਗੇ ਬੰਦੇ ਨੂੰ ਐਨੀ ਦੁਖਦਾਈ ਮੌਤ, ਰੂੰਹ ਕੰਬ ਗਈ ਸੁਣਕੇ। ਉਸਦੀ ਮੌਤ ਦਾ ਐਨਾ ਸੋਗ ਸੀ ਕਿ ਉਸ ਦਿਨ ਕਿਸੇ ਘਰੇ ਰੋਟੀ ਨੀ ਪੱਕੀ। ਉਸ ਦੀਆਂ ਯਾਦਾਂ ਉਸਦੇ ਸੁਪਨੇ ਅਸੀਂ ਆਪਣੇ ਧੁਰ ਅੰਦਰ ਸੰਭਾਲ਼ ਲਏ। ਜਦੋਂ ਤੇਰੀ ਯਾਦ ਆਉਂਦੀ ਆ ਤੇਰੇ ਸੁਪਨੇ ਤੇਰੀਆਂ ਯਾਦਾਂ ਨੂੰ ਚੇਤੇ ਕਰ ਲੈਣੇ ਆ ਜਾਉਣਯੋਗਿਆ। ਸਾਡਾ ਯਾਰ ਤਾਰਾ ਬਣ ਗਿਆ। ਐਨਾ ਦਿਨਾਂ ਵਿਚ ਆਕੇ ਤੇਰੇ ਭੁਲੇਖੇ ਪੈਂਦੇ ਰਹਿੰਦੇ ਆ ਕਿ ਹੱਸੂ ਹੱਸੂ ਕਰਦਾ ਗਲ ਪਾਇਆ ਗੁਲੂਬੰਦ ਠੀਕ ਕਰਦਾ ਆਪਣਿਆਂ ਵਾਂਗ ਘਰੇ ਆ ਵੜੇਗਾ.. ਤੂੰ ਕਿਤੇ ਨੀ ਗਿਆ ਐਥੇ ਹੀ ਕਿਤੇ ਆ। ਤੇਰੀ ਤਾਂ ਮੌਤ 'ਤੇ ਵੀ ਸਿਆਸਤਾਂ ਖੇਡਣ ਆਲੇ ਸਿਆਸਤਾਂ ਖੇਡ ਗਏ ਤੇ ਅੱਜ ਵੀ ਖੇਡ ਰਹੇ ਆ। ਪਰ ਅਸੀਂ ਤਾਂ ਤੇਰੇ ਯਾਰ ਸੀ ਤੇ ਜਿਗਰੀ ਯਾਰ ਸਿਆਸਤਾਂ ਥੋੜੀ ਖੇਡਦੇ ਹੁੰਦੇ ਆ। ਅਸੀਂ ਤਾਂ ਤੈਨੂੰ ਪਿਆਰ ਕਰਦੇ ਆ, ਤੂੰ ਤਾਂ ਸਾਡੇ ਕੋਲ ਹੀ ਆ, ਆਹ ਵੇਖ ਸਾਡੇ ਦਿਲ ਚ..

ਕਰਨ ਬਰਾੜ।


Vandana

Content Editor

Related News