ਦੁਨੀਆ ਦਾ ਸਭ ਤੋਂ ਰਹੱਸਮਈ ਇਨਸਾਨ, ਜਿਸ ਦੇ ਸਨ ਦੋ ਚਿਹਰੇ (ਤਸਵੀਰਾਂ)
Monday, Sep 02, 2019 - 02:16 PM (IST)

ਲੰਡਨ— ਦੁਨੀਆ ’ਚ ਅਜਿਹੇ ਬਹੁਤ ਸਾਰੇ ਇਨਸਾਨ ਹਨ, ਜਿਨ੍ਹਾਂ ਦੇ ਰਹੱਸ ਨੂੰ ਅੱਜ ਤੱਕ ਨਾ ਕੋਈ ਜਾਣ ਸਕਿਆ ਤੇ ਨਾ ਹੀ ਸਮਝ ਸਕਿਆ। ਇਕ ਅਜਿਹਾ ਹੀ ਰਹੱਸਮਈ ਇਨਸਾਨ 19ਵੀਂ ਸਦੀ ’ਚ ਇੰਗਲੈਂਡ ’ਚ ਹੋਇਆ ਕਰਦਾ ਸੀ, ਜਿਸ ਦੇ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਉਸ ਦੇ ਦੋ ਚਿਹਰੇ ਸਨ। ਇਕ ਅੱਗੇ ਤੇ ਇਕ ਪਿੱਛੇ। ਉਹ ਦੁਨੀਆ ਦਾ ਇਕਲੌਤਾ ਅਜਿਹਾ ਇਨਸਾਨ ਸੀ।
ਦੋ ਚਿਹਰਿਆਂ ਵਾਲੇ ਇਸ ਇਨਸਾਨ ਦਾ ਨਾਂ ਸੀ ਐਡਵਰਡ ਮੋਰਡ੍ਰਾਕੇ। ਕਹਿੰਦੇ ਹਨ ਕਿ ਉਸ ਦਾ ਦੂਜਾ ਚਿਹਰਾ ਸਰਗਰਮ ਨਹੀਂ ਸੀ ਪਰ ਜਿਵੇ ਹੀ ਉਹ ਸੌਣ ਦੀ ਕੋਸ਼ਿਸ਼ ਕਰਦੇ ਸਨ ਉਨ੍ਹਾਂ ਦਾ ਦੂਜਾ ਚਿਹਰਾ ਜਾਗ ਜਾਂਦਾ ਤੇ ਸਾਰੀ ਰਾਤ ਕੁਝ ਹੌਲੀ ਆਵਾਜ਼ ’ਚ ਬੋਲਦਾ ਰਹਿੰਦਾ ਸੀ। ਸਾਲ 1985 ’ਚ ਬੋਸਟਨ ਪੋਸਟ ’ਚ ਇਕ ਲੇਖ ਛਪਿਆ ਸੀ, ਜਿਸ ’ਚ ਐਡਵਰਡ ਦਾ ਜ਼ਿਕਰ ਕੀਤਾ ਗਿਆ ਸੀ। ਉਸ ’ਚ ਲਿਖਿਆ ਸੀ ਕਿ ਐਡਵਰਡ ਆਪਣੇ ਦੂਜੇ ਚਿਹਰੇ ਤੋਂ ਬਹੁਤ ਪਰੇਸ਼ਾਨ ਸੀ ਕਿਉਕਿ ਉਸ ਦੇ ਕਰਕੇ ਉਹ ਕਈ-ਕਈ ਦਿਨਾਂ ਸੌਦੇਂ ਨਹੀਂ ਸਨ।
ਕਿਹਾ ਜਾਂਦਾ ਹੈ ਕਿ ਐਡਵਰਡ ਆਪਣੇ ਇਲਾਜ ਦੇ ਲਈ ਡਾਕਟਰ ਦੇ ਕੋਲ ਵੀ ਗਏ ਸਨ ਪਰ ਕਿਉਕਿ ਉਸ ਵੇਲੇ ਤਕਨੀਕ ਇੰਨੀ ਵਿਕਸਿਤ ਨਹੀਂ ਸੀ, ਇਸ ਲਈ ਇਸ ਦਾ ਇਲਾਜ ਸੰਭਵ ਨਹੀਂ ਹੋ ਸਕਿਆ। ਹਾਲਾਂਕਿ ਕਿਹਾ ਇਹ ਵੀ ਜਾਂਦਾ ਹੈ ਕਿ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕਹਿੰਦੇ ਹਨ ਕਿ ਐਡਵਰਡ ਦੇ ਸਿਰ ਦੇ ਪਿੱਛੇ ਵਾਲਾ ਚਿਹਰਾ ਇਕ ਲੜਕੀ ਦਾ ਸੀ, ਜਿਸ ਦੀਆਂ ਅੱਖਾਂ ਤਾਂ ਸਨ ਪਰ ਉਹ ਦੇਸ਼ ਨਹੀਂ ਸਕਦੀ ਸੀ। ਇਸ ਤੋਂ ਇਲਾਵਾ ਦੂਜੇ ਚਿਹਰੇ ਦਾ ਮੂੰਹ ਵੀ ਸੀ ਪਰ ਉਹ ਖਾ ਨਹੀਂ ਸਕਦਾ ਸੀ ਤੇ ਨਾ ਹੀ ਜ਼ੋਰ ਨਾਲ ਬੋਲ ਸਕਦਾ ਸੀ। ਦੂਜਾ ਚਿਹਰਾ ਹੌਲੀ-ਹੌਲੀ ਗੱਲਾਂ ਕਰਦਾ ਸੀ ਉਹ ਵੀ ਨਰਕ ਦੇ ਬਾਰੇ ’ਚ। ਐਡਵਰਡ ਜਦੋਂ ਖੁਸ਼ ਹੁੰਦੇ ਸਨ ਤਾਂ ਉਨ੍ਹਾਂ ਦੇ ਦੂਜੇ ਚਿਹਰੇ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਸੀ ਤੇ ਉਹ ਉਨ੍ਹਾਂ ਦਾ ਮਜ਼ਾਕ ਉਡਾਉਦਾ ਸੀ। ਇਸ ਤੋਂ ਇਲਾਵਾ ਜਦੋਂ ਉਹ ਰੋਂਦੇ ਸਨ ਤਾਂ ਦੂਜਾ ਚਿਹਰਾ ਹੱਸਦਾ ਸੀ।
ਐਡਵਰਡ ਨੇ ਆਪਣੇ ਦੂਜੇ ਚਿਹਰੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਸੀ। ਉਸ ਵੇਲੇ ਉਨ੍ਹਾਂ ਦੀ ਉਮਰ ਸਿਰਫ 37 ਸਾਲ ਸੀ। ਸਾਲ 1896 ਦੀ ਮੈਡੀਕਲ ਇੰਸਾਈਕਾਲੋਪੀਡੀਆ ’ਚ ਐਡਵਰਡ ਦੀ ਮੈਡੀਕਲ ਕੰਡੀਸ਼ਨ ਦਾ ਜ਼ਿਕਰ ਕੀਤਾ ਜਾਂਦਾ ਹੈ ਪਰ ਫਿਰ ਵੀ ਇਸ ’ਤੇ ਅਜੇ ਕਈ ਸਵਾਲ ਹਨ ਤੇ ਕਈ ਲੋਕ ਇਸ ਨੂੰ ਸਿਰਫ ਇਕ ਕਹਾਣੀ ਮੰਨਦੇ ਹਨ।