ਵ੍ਹਾਈਟ ਹਾਊਸ ਦੇ ਬਾਹਰ ਗੋਰੇ ਵਿਅਕਤੀ ਨੇ ਖੁਦ ਨੂੰ ਮਾਰੀ ਗੋਲੀ

03/04/2018 9:32:43 AM

ਵਾਸ਼ਿੰਗਟਨ (ਭਾਸ਼ਾ)— ਵ੍ਹਾਈਟ ਹਾਊਸ ਦੇ ਘੇਰਾਬੰਦੀ ਵਾਲੇ ਖੇਤਰ ਵਿਚ ਇਕ ਗੋਰੇ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਲਈ। ਸੀਕ੍ਰੇਟ ਸਰਵਿਸ ਨੇ ਇਹ ਜਾਣਕਾਰੀ ਦਿੱਤੀ। ਘਟਨਾ ਦੇ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਰਸਟ ਲੇਡੀ ਮੇਲਾਨੀਆ ਟਰੰਪ ਫਲੋਰੀਡਾ ਵਿਚ ਸਨ। ਘਟਨਾ ਸ਼ਨੀਵਾਰ ਦੁਪਹਿਰ ਨੂੰ ਉਸ ਸਮੇਂ ਦੀ ਹੈ, ਜਦੋਂ ਵ੍ਹਾਈਟ ਹਾਊਸ ਦੇ ਨੇੜੇ ਤਕਰੀਬਨ 100 ਤੋਂ ਵਧ ਲੋਕ ਜਮ੍ਹਾਂ ਸਨ, ਤਾਂ ਇਸ ਸ਼ਖਸ ਨੇ ਖੁਦ ਨੂੰ ਗੋਲੀ ਮਾਰ ਲਈ। ਸੁਰੱਖਿਆ ਏਜੰਸੀ ਨੇ ਕਿਹਾ ਕਿ ਪੈਰਾ-ਮੈਡੀਕਲ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ ਪਰ ਮੌਕੇ 'ਤੇ ਹੀ ਵਿਅਕਤੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਵ੍ਹਾਈਟ ਹਾਊਸ ਦੀ ਸੁਰੱਖਿਆ ਨੂੰ ਹੋਰ ਸਖਤ ਕਰ ਦਿੱਤਾ ਗਿਆ। 
ਸੀਕ੍ਰੇਟ ਸਰਵਿਸ ਮੁਤਾਬਕ ਸ਼ਖਸ ਦੀ ਪਛਾਣ ਹੋ ਗਈ ਹੈ ਪਰ ਉਸ ਦਾ ਨਾਂ ਉਜਾਗਰ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਵ੍ਹਾਈਟ ਹਾਊਸ ਦੇ ਉੱਤਰ ਵੱਲ ਘੇਰਾਬੰਦੀ ਵਾਲੇ ਖੇਤਰ ਵੱਲ ਗਿਆ, ਉਸ ਨੇ ਲੁੱਕੋ ਕੇ ਰੱਖੀ ਆਪਣੀ ਹੈਂਡਗਨ ਕੱਢੀ ਅਤੇ ਕਈ ਗੋਲੀਆਂ ਚਲਾਈਆਂ। ਸੀਕ੍ਰੇਟ ਸਰਵਿਸ ਨੇ ਦੱਸਿਆ ਕਿ ਉਸ ਨੇ ਕੋਈ ਗੋਲੀ ਵ੍ਹਾਈਟ ਹਾਊਸ ਨੂੰ ਨਿਸ਼ਾਨਾ ਬਣਾ ਕੇ ਨਹੀਂ ਚਲਾਈ। ਚੰਗੀ ਗੱਲ ਇਹ ਰਹੀ ਕਿ ਘਟਨਾ ਵਿਚ ਕੋਈ ਹੋਰ ਵਿਅਕਤੀ ਜ਼ਖਮੀ ਨਹੀਂ ਹੋਇਆ। ਵਾਸ਼ਿੰਗਟਨ ਡੀਸੀ ਮੈਟਰੋਪੋਲਿਟਨ ਪੁਲਸ ਵਿਭਾਗ ਗੋਲੀਬਾਰੀ ਦੀ ਘਟਨਾ ਦੀ ਜਾਂਚ 'ਚ ਜੁਟਿਆ ਹੈ ਅਤੇ ਸੀਕ੍ਰੇਟ ਸਰਵਿਸ ਵਾਸ਼ਿੰਗਟਨ ਫੀਲਡ ਆਫਿਸ ਅਤੇ ਹੋਰ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਵੀ ਜਾਂਚ 'ਚ ਮਦਦ ਕਰ ਰਹੀਆਂ ਹਨ।


Related News