ਝੂਠ ਬੋਲ ਕੇ ਉਡਾਣ ਭਰ ਰਿਹਾ ਸੀ ਕੋਰੋਨਾ ਪਾਜ਼ੀਟਿਵ ਵਿਅਕਤੀ, ਜਹਾਜ਼ ''ਚ ਹੋਈ ਮੌਤ
Tuesday, Dec 22, 2020 - 03:36 PM (IST)

ਵਾਸ਼ਿੰਗਟਨ- ਅਮਰੀਕਾ ਦੀ ਇਕ ਫਲਾਈਟ 'ਚ ਕੋਰੋਨਾ ਪੀੜਤ ਵਿਅਕਤੀ ਦੀ ਮੌਤ ਹੋ ਗਈ। ਇਸ ਸ਼ਖਸ ਦੀ ਪਤਨੀ ਨੇ ਪੈਰਾਮੈਡੀਕਸ ਨੂੰ ਦੱਸਿਆ ਸੀ ਕਿ ਇਸ ਤੋਂ ਪਿਛਲੇ ਇਕ ਹਫਤੇ ਤੋਂ ਕੋਰੋਨਾ ਦੇ ਲੱਛਣ ਦਿਖਾਈ ਦੇ ਰਹੇ ਸਨ। ਉਸ ਵਿਚ ਸੁੰਘਣ ਤੇ ਸੁਆਦ ਦੀ ਸਮਰੱਥਾ ਖਤਮ ਹੋ ਗਈ ਸੀ। ਹਾਲਾਂਕਿ ਇਸ ਬੀਬੀ ਨੇ ਕਿਹਾ ਕਿ ਇਹ ਵਿਅਕਤੀ ਕੋਰੋਨਾ ਪਾਜ਼ੀਟਿਵ ਨਹੀਂ ਹੈ ਬਲਕਿ ਲਾਸ ਏਂਜਲਸ ਸ਼ਹਿਰ ਜਾ ਕੇ ਆਪਣਾ ਕੋਰੋਨਾ ਵਾਇਰਸ ਟੈਸਟ ਕਰਾਉਣਗੇ। ਇਸ ਜੋੜੇ ਨੇ ਟਿਕਟ ਬੁੱਕ ਕਰਨ ਸਮੇਂ ਅਧਿਕਾਰੀਆਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ। ਜੋੜੇ ਦੀ ਪਛਾਣ ਸਾਂਝੀ ਨਹੀਂ ਕੀਤੀ ਗਈ।
ਰਿਪੋਰਟਾਂ ਮੁਤਾਬਕ ਫਲਾਈਟ ਉੱਡਣ ਤੋਂ ਪਹਿਲਾਂ ਹੀ ਵਿਅਕਤੀ ਕੰਬ ਰਿਹਾ ਸੀ ਤੇ ਉਸ ਨੂੰ ਪਸੀਨਾ ਆ ਰਿਹਾ ਸੀ। ਉਸ ਨੂੰ ਸਾਹ ਲੈਣ ਵਿਚ ਵੀ ਪ੍ਰੇਸ਼ਾਨੀ ਹੋ ਰਹੀ ਸੀ। ਫਲਾਈਟ ਦੇ ਉਡਾਣ ਭਰਨ ਦੇ ਬਾਅਦ ਉਸ ਦੀ ਹਾਲਤ ਬੇਹੱਦ ਖਰਾਬ ਹੋ ਗਈ। ਸਭ ਸਮਝ ਰਹੇ ਸਨ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਹੈ। ਇਸ ਮਗਰੋਂ ਫਲਾਈਟ ਨੂੰ ਨਿਊ ਓਰਲਿਐਂਸ ਵਿਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਸ਼ਖ਼ਸ ਦੀ ਹਾਲਤ ਵਿਗੜਦੀ ਦੇਖ ਕਈ ਯਾਤਰੀ ਇਸ ਵਿਅਕਤੀ ਕੋਲ ਆ ਗਏ ਤੇ ਪੈਰਾਮੈਡੀਕਸ ਟੀਮ ਦਾ ਇਕ ਵਿਅਕਤੀ ਉਸ ਨੂੰ ਮੂੰਹ ਨਾਲ ਸਾਹ ਦੇਣ ਲੱਗ ਗਿਆ ਤਾਂ ਕਿ ਉਸ ਦੀ ਜਾਨ ਬਚ ਸਕੇ।
ਬੀਮਾਰ ਵਿਅਕਤੀ ਨੇ ਮਾਸਕ ਲਾਇਆ ਸੀ ਤੇ ਫਲਾਈਟ ਵਿਚ ਇਕ ਘੰਟੇ ਦੀ ਯਾਤਰਾ ਦੇ ਬਾਅਦ ਹੀ ਉਸ ਨੇ ਸਾਹ ਲੈਣਾ ਬੰਦ ਕਰ ਦਿੱਤਾ ਸੀ। ਇਸ ਦੇ ਬਾਅਦ ਕੈਬਿਨ ਕਰੂ ਨੇ ਪੈਰਾਮੈਡੀਕਸ ਦੀ ਮਦਦ ਲਈ। ਟੋਨੀ ਐਲਡਾਪਾ ਨਾਂ ਦੇ ਵਿਅਕਤੀ ਨੇ ਵਾਇਰਸ ਦੇ ਖ਼ਤਰੇ ਦੇ ਬਾਵਜੂਦ ਆਪਣੀ ਪਰਵਾਹ ਨਾ ਕਰਦਿਆਂ ਉਸ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਸ ਦਾ ਫਾਇਦਾ ਨਹੀਂ ਹੋਇਆ ਤੇ ਇਸ ਸ਼ਖਸ ਨੇ ਦਮ ਤੋੜ ਦਿੱਤਾ। ਟੋਨੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਉਸ ਵਿਅਕਤੀ ਦੀ ਪਤਨੀ ਨੇ ਕਿਹਾ ਸੀ ਕਿ ਉਹ ਕੋਰੋਨਾ ਪਾਜ਼ੀਟਿਵ ਨਹੀਂ ਹੈ ਤੇ ਲਾਸ ਏਂਜਲਸ ਵਿਚ ਟੈਸਟ ਹੋਣਾ ਸੀ।
ਇਸ ਘਟਨਾ ਦੇ ਬਾਅਦ ਸਿਹਤ ਅਧਿਕਾਰੀ ਬਾਕੀ ਯਾਤਰੀਆਂ ਨਾਲ ਵੀ ਸੰਪਰਕ ਕਰ ਰਹੇ ਹਨ ਤੇ ਸਭ ਨੂੰ ਇਕਾਂਤਵਾਸ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਹਾਲਾਂਕਿ ਯੂਨਾਈਟਡ ਏਅਰਲਾਈਨਜ਼ ਦੀ ਇਸ ਲਾਪਰਵਾਹੀ ਤੋਂ ਲੋਕ ਕਾਫੀ ਨਾਰਾਜ਼ ਹਨ ਕਿ ਕੋਰੋਨਾ ਪਾਜ਼ੀਟਿਵ ਵਿਅਕਤੀ ਨੂੰ ਫਲਾਈਟ ਵਿਚ ਬੈਠਣ ਦੀ ਇਜਾਜ਼ਤ ਕਿਉਂ ਦਿੱਤੀ ਗਈ।