ਵਿਜੇ ਮਾਲਿਆ ਦੀ ਅਰਜ਼ੀ ''ਤੇ ਸੁਣਵਾਈ 2 ਅਗਸਤ ਤੱਕ ਟਲੀ, ਜਾਇਦਾਦ ਕੁਰਕੀ ਖਿਲਾਫ ਕੀਤੀ ਸੀ ਅਪੀਲ

07/29/2019 12:08:09 PM

ਨਵੀਂ ਦਿੱਲੀ — ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਲੋਂ ਸੁਪਰੀਮ ਕੋਰਟ 'ਚ ਦਿੱਤੀ ਪਟੀਸ਼ਨ 'ਤੇ ਹੋਣ ਵਾਲੀ ਸੁਣਵਾਈ 2 ਅਗਸਤ ਤੱਕ ਟਲ ਗਈ ਹੈ। ਵਿਜੇ ਮਾਲਿਆ ਨੇ ਆਪਣੀ ਅਤੇ ਰਿਸ਼ਤੇਦਾਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ 'ਤੇ ਰੋਕ ਲਗਾਉਣ ਨੂੰ ਸ਼ਨੀਵਾਰ ਨੂੰ ਅਪੀਲ ਕੀਤੀ ਸੀ। ਉਸਨੇ ਕਿਹਾ ਸੀ ਕਿ ਸਿਰਫ ਕਿੰਗਫਿਸ਼ਰ ਨਾਲ ਸਬੰਧਿਤ ਜਾਇਦਾਦ ਹੀ ਜ਼ਬਤ ਕੀਤੀ ਜਾਵੇ। ਕਰਜ਼ਾ ਕਿੰਗਫਿਸ਼ਰ ਏਅਰਲਾਈਨਜ਼ ਨੇ ਹੀ ਲਿਆ ਸੀ ਇਸ ਕਾਰਨ ਨਿੱਜੀ ਅਤੇ ਪਰਿਵਾਰਕ ਜਾਇਦਾਦ ਨਾ ਜ਼ਬਤ ਕੀਤੀ ਜਾਵੇ। 

ਇਸ ਮਾਮਲੇ 'ਚ ਮਾਲਿਆ ਦੀ ਪਟੀਸ਼ਨ ਬੰਬਈ ਹਾਈਕੋਰਟ ਵਿਚ 11 ਜੁਲਾਈ ਨੂੰ ਰੱਦ ਕਰ ਦਿੱਤੀ ਗਈ ਸੀ। ਬ੍ਰਿਟੇਨ 'ਚ ਮਾਲਿਆ ਦੇ ਖਿਲਾਫ ਸਪੁਰਦਗੀ ਦਾ ਮਾਮਲਾ ਚਲ ਰਿਹਾ ਹੈ। ਪਿਛਲੇ ਸਾਲ ਦਸੰਬਰ ਵਿਚ ਲੰਡਨ ਦੀ ਅਦਾਲਤ ਨੇ ਹਵਾਲਗੀ ਦਾ ਫੈਸਲਾ ਸੁਣਾਇਆ ਸੀ। ਬਾਅਦ ਵਿਚ ਯੂ.ਕੇ. ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਵੀ ਮਨਜ਼ੂਰੀ ਦੇ ਦਿੱਤੀ ਸੀ। 

ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਵਿਚ ਅਦਾਲਤ ਨੇ ਮਾਲਿਆ ਨੂੰ ਭਗੌੜਾ ਆਰਥਿਕ ਅਪਰਾਧੀ ਘੋਸ਼ਿਤ ਕੀਤਾ ਸੀ। ਮਾਲਿਆ 'ਤੇ ਭਾਰਤੀ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਬਕਾਇਆ ਹੈ। ਉਸਦੇ ਖਿਲਾਫ ਮਨੀ ਲਾਂਡਰਿੰਗ ਦੀ ਜਾਂਚ ਵੀ ਚਲ ਰਹੀ ਹੈ।


Related News