ਇਸ ਤਰੀਕ ਤੋਂ ਬਾਅਦ ਜੰਮੇ ਲੋਕ ਨਹੀਂ ਕਰ ਸਕਣਗੇ Smoking! ਸਰਕਾਰ ਨੇ ਬਣਾਇਆ ਸਖਤ ਕਾਨੂੰਨ
Monday, Nov 03, 2025 - 02:57 PM (IST)
ਵੈੱਬ ਡੈਸਕ : ਮਾਲਦੀਵ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਪੂਰੀ ਇੱਕ ਪੀੜ੍ਹੀ 'ਤੇ ਸਿਗਰਟਨੋਸ਼ੀ ਦੀ ਪਾਬੰਦੀ (generational smoking ban) ਲਾਗੂ ਕਰ ਦਿੱਤੀ ਹੈ, ਜਿਸ ਤਹਿਤ 1 ਜਨਵਰੀ 2007 ਜਾਂ ਉਸ ਤੋਂ ਬਾਅਦ ਜਨਮੇ ਲੋਕਾਂ ਲਈ ਤੰਬਾਕੂ ਉਤਪਾਦਾਂ ਦੀ ਖਰੀਦ, ਵਰਤੋਂ ਜਾਂ ਵਿਕਰੀ ਗੈਰ-ਕਾਨੂੰਨੀ ਹੋਵੇਗੀ। ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੁਆਰਾ ਸ਼ੁਰੂ ਕੀਤੀ ਗਈ ਇਹ ਪਹਿਲ ਨਵੰਬਰ ਦੀ ਸ਼ੁਰੂਆਤ ਤੋਂ ਲਾਗੂ ਹੋ ਗਈ ਹੈ।
ਮਾਲਦੀਵ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਰਾਸ਼ਟਰੀ ਪੱਧਰ 'ਤੇ ਪੀੜ੍ਹੀਗਤ ਤੰਬਾਕੂ ਪਾਬੰਦੀ ਲਾਗੂ ਕੀਤੀ ਹੈ। ਸਿਹਤ ਮੰਤਰਾਲੇ ਨੇ ਇਸ ਨੂੰ ਇਤਿਹਾਸਕ ਕਦਮ ਦੱਸਿਆ ਹੈ, ਜਿਸ ਦਾ ਮਕਸਦ ਨਾਗਰਿਕਾਂ ਦੀ ਸੁਰੱਖਿਆ ਅਤੇ ਤੰਬਾਕੂ-ਮੁਕਤ ਪੀੜ੍ਹੀ ਨੂੰ ਉਤਸ਼ਾਹਿਤ ਕਰਨਾ ਹੈ।
ਲਾਗੂ ਨਵੇਂ ਨਿਯਮ
ਨਵੇਂ ਪ੍ਰਬੰਧਾਂ ਤਹਿਤ, 1 ਜਨਵਰੀ 2007 ਜਾਂ ਉਸ ਤੋਂ ਬਾਅਦ ਪੈਦਾ ਹੋਏ ਕਿਸੇ ਵੀ ਵਿਅਕਤੀ ਨੂੰ ਮਾਲਦੀਵ 'ਚ ਤੰਬਾਕੂ ਦੇ ਸਾਰੇ ਰੂਪਾਂ ਦੀ ਖਰੀਦ, ਵਰਤੋਂ ਜਾਂ ਵਿਕਰੀ ਤੋਂ ਰੋਕਿਆ ਗਿਆ ਹੈ। ਇਸਲਾਮਿਕ ਦੇਸ਼ ਵਿੱਚ ਹੁਣ 'ਜੇਨ-ਜ਼ੀ' (Gen-Z) ਸਿਗਰਟ ਜਾਂ ਕਿਸੇ ਵੀ ਤੰਬਾਕੂ ਉਤਪਾਦ ਦਾ ਸੇਵਨ ਨਹੀਂ ਕਰ ਸਕਣਗੇ।
ਸੈਲਾਨੀਆਂ 'ਤੇ ਅਸਰ
ਇਹ ਨਿਯਮ ਮਾਲਦੀਵ ਆਉਣ ਵਾਲੇ ਸੈਲਾਨੀਆਂ 'ਤੇ ਵੀ ਲਾਗੂ ਹੋਵੇਗਾ, ਕਿਉਂਕਿ ਮਾਲਦੀਵ ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ।
ਹੋਰ ਪਾਬੰਦੀਆਂ
ਇਲੈਕਟ੍ਰਾਨਿਕ ਸਿਗਰਟ ਅਤੇ ਵੇਪਿੰਗ ਉਤਪਾਦਾਂ ਦੀ ਦਰਾਮਦ, ਵਿਕਰੀ, ਵੰਡ, ਮਾਲਕੀ ਅਤੇ ਵਰਤੋਂ 'ਤੇ ਸਾਰੇ ਉਮਰ ਵਰਗ ਦੇ ਲੋਕਾਂ ਲਈ ਪੂਰਨ ਪਾਬੰਦੀ ਜਾਰੀ ਰਹੇਗੀ।
ਜੁਰਮਾਨੇ
ਕਿਸੇ ਨਾਬਾਲਗ ਨੂੰ ਤੰਬਾਕੂ ਉਤਪਾਦ ਵੇਚਣ 'ਤੇ 50,000 ਰੂਫੀਆ (ਲਗਭਗ 2 ਲੱਖ 84 ਹਜ਼ਾਰ ਰੁਪਏ) ਦਾ ਜੁਰਮਾਨਾ ਲਗਾਇਆ ਜਾਵੇਗਾ। ਵੇਪਿੰਗ ਡਿਵਾਈਸ ਦੀ ਵਰਤੋਂ ਕਰਨ 'ਤੇ 5,000 ਰੂਫੀਆ (ਲਗਭਗ 28,412 ਰੁਪਏ) ਦਾ ਜੁਰਮਾਨਾ ਹੋਵੇਗਾ।
ਇਸੇ ਤਰ੍ਹਾਂ ਦੀ ਪੀੜ੍ਹੀਗਤ ਪਾਬੰਦੀ ਦੀ ਤਿਆਰੀ ਬ੍ਰਿਟੇਨ 'ਚ ਵੀ ਚੱਲ ਰਹੀ ਹੈ, ਹਾਲਾਂਕਿ ਇਹ ਅਜੇ ਵਿਧਾਨਕ ਪ੍ਰਕਿਰਿਆ ਵਿੱਚ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਵੀ ਅਜਿਹਾ ਕਦਮ ਚੁੱਕਿਆ ਸੀ, ਪਰ ਨਵੰਬਰ 2023 'ਚ ਇਸ ਨੂੰ ਲਾਗੂ ਕਰਨ ਦੇ ਇੱਕ ਸਾਲ ਤੋਂ ਵੀ ਘੱਟ ਸਮੇਂ 'ਚ ਵਾਪਸ ਲੈ ਲਿਆ ਸੀ।
