ਮਲੇਸ਼ੀਆ ਅਦਾਲਤ ਦਾ ਵੱਡਾ ਫ਼ੈਸਲਾ, ਗੈਰ ਮੁਸਲਿਮ ਵੀ ਕਰ ਸਕਣਗੇ ''ਅੱਲਾਹ'' ਸ਼ਬਦ ਦੀ ਵਰਤੋਂ
Thursday, Mar 11, 2021 - 06:03 PM (IST)
ਕੁਆਲਾਲੰਪੁਰ (ਬਿਊਰੋ): ਮਲੇਸ਼ੀਆ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਵੱਡੀ ਰਾਹਤ ਦਿੱਤੀ ਕਿ ਗੈਰ ਮੁਸਲਿਮ ਵੀ ਈਸ਼ਵਰ ਨੂੰ ਸੰਬੋਧਿਤ ਕਰਨ ਲਈ 'ਅੱਲਾਹ' ਸ਼ਬਦ ਦੀ ਵਰਤੋਂ ਕਰ ਸਕਦੇ ਹਨ। ਮੁਸਲਿਮ ਬਹੁ ਗਿਣਤੀ ਦੇਸ਼ ਵਿਚ ਧਾਰਮਿਕ ਆਜ਼ਾਦੀ ਦੇ ਵਿਵਾਦਪੂਰਨ ਮੁੱਦੇ 'ਤੇ ਇਹ ਮਹੱਤਵਪੂਰਨ ਫ਼ੈਸਲਾ ਹੈ। ਇਸ ਸਬੰਧੀ ਸਰਕਾਰ ਦੀ ਰੋਕ ਨੂੰ ਚੁਣੌਤੀ ਦੇਣ ਵਾਲੇ ਭਾਈਚਾਰੇ ਦੇ ਵਕੀਲ ਏ ਜੇਵੀਅਰ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਈਸਾਈ ਪ੍ਰਕਾਸ਼ਨਾਂ ਵੱਲੋਂ 'ਅੱਲਾਹ' ਅਤੇ ਅਰਬੀ ਭਾਸ਼ਾ ਦੇ ਤਿੰਨ ਹੋਰ ਸ਼ਬਦਾਂ ਦੀ ਵਰਤੋਂ 'ਤੇ 35 ਸਾਲ ਤੋਂ ਲੱਗੀ ਰੋਕ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਾਬੰਦੀ ਨੂੰ ਅਸੰਵਿਧਾਨਕ ਮੰਨਿਆ ਹੈ।
ਸਰਕਾਰ ਨੇ ਪਹਿਲਾਂ ਕਿਹਾ ਸੀ ਕਿ 'ਅੱਲਾਹ' ਸ਼ਬਦ ਦੀ ਵਰਤੋਂ ਸਿਰਫ਼ ਮੁਸਲਮਾਨ ਕਰਨਗੇ ਤਾਂ ਜੋ ਭਰਮ ਦੀ ਉਸ ਸਥਿਤੀ ਤੋਂ ਬਚਿਆ ਜਾ ਸਕੇ ਜੋ ਉਹਨਾਂ ਨੂੰ ਦੂਜੇ ਧਰਮਾਂ ਵਿਚ ਬਦਲ ਸਕਦੀ ਹੈ। ਇਹ ਮਲੇਸ਼ੀਆ ਵਿਚ ਵਿਲੱਖਣ ਮਾਮਲਾ ਹੈ ਅਤੇ ਹੋਰ ਮੁਸਲਿਮ ਬਹੁ ਗਿਣਤੀ ਦੇਸ਼ਾਂ ਵਿਚ ਅਜਿਹਾ ਕੁਝ ਨਹੀਂ ਹੈ ਜਿੱਥੇ ਈਸਾਈ ਘੱਟ ਗਿਣਤੀ ਰਹਿੰਦੇ ਹਨ।
ਪੜ੍ਹੋ ਇਹ ਅਹਿਮ ਖਬਰ - ਚੀਨ 'ਚ ਉਇਗਰ ਮੁਸਲਮਾਨਾਂ ਦੇ ਕਤਲੇਆਮ 'ਤੇ ਬੋਲਣਾ ਜਾਰੀ ਰੱਖਾਂਗੇ : ਅਮਰੀਕੀ ਰੱਖਿਆ ਮੰਤਰੀ
ਈਸਾਈ ਆਗੂਆਂ ਨੇ ਕਹੀ ਇਹ ਗੱਲ
ਮਲੇਸ਼ੀਆ ਦੇ ਈਸਾਈ ਆਗੂਆਂ ਨੇ ਕਿਹਾ ਕਿ 'ਅੱਲਾਹ' ਸ਼ਬਦ ਦੀ ਵਰਤੋਂ 'ਤੇ ਰੋਕ ਗੈਰ ਵਾਜਿਬ ਹੈ ਕਿਉਂਕਿ ਮਾਲੇ ਭਾਸ਼ਾ ਬੋਲਣ ਵਾਲੀ ਈਸਾਈ ਆਬਾਦੀ ਲੰਬੇ ਸਮੇਂ ਤੋਂ ਬਾਈਬਲ, ਪ੍ਰਾਰਥਨਾਵਾਂ ਅਤੇ ਗੀਤਾਂ ਵਿਚ ਈਸ਼ਵਰ ਨੂੰ ਸੰਬੋਧਿਤ ਕਰਨ ਲਈ 'ਅੱਲਾਹ' ਸ਼ਬਦ ਦੀ ਵਰਤੋਂ ਕਰਦੀ ਰਹੀ ਹੈ ਜੋ ਅਰਬੀ ਭਾਸ਼ਾ ਤੋਂ ਆਇਆ ਸ਼ਬਦ ਹੈ। ਇਸ ਤੋਂ ਪਹਿਲਾਂ 2014 ਵਿਚ ਸੰਘੀ ਅਦਾਲਤ ਨੇ 'ਅੱਲਾਹ' ਸ਼ਬਦ ਦੀ ਵਰਤੋਂ 'ਤੇ ਰੋਕ ਨੂੰ ਸਹੀ ਠਹਿਰਾਇਆ ਸੀ। ਇਸ ਫ਼ੈਸਲੇ ਨੂੰ ਦੇਖਦੇ ਹੋਏ ਹਾਈ ਕੋਰਟ ਦਾ ਫ਼ੈਸਲਾ ਇਕ-ਦੂਜੇ ਦੇ ਵਿਰੁੱਧ ਹੈ। ਇੱਥੇ ਦੱਸ ਦਈਏ ਕਿ ਮਲੇਸ਼ੀਆ ਦੀ 3.2 ਕਰੋੜ ਆਬਾਦੀ ਵਿਚ ਮੁਸਲਿਮ ਕਰੀਬ ਦੋ ਤਿਹਾਈ ਹਨ ਜਿਹਨਾਂ ਵਿਚ ਨਸਲੀ ਚੀਨੀ ਅਤੇ ਭਾਰਤੀ ਘੱਟ ਗਿਣਤੀ ਹਨ। ਦੇਸ਼ ਵਿਚ ਈਸਾਈਆਂ ਦੀ ਆਬਾਦੀ ਕਰੀਬ 10 ਫੀਸਦੀ ਹੈ। ਜੇਵੀਅਰ ਨੇ ਦੱਸਿਆ,''ਅਦਾਲਤ ਨੇ ਕਿਹਾ ਹੈ ਕਿ ਮਲੇਸ਼ੀਆ ਦੇ ਸਾਰੇ ਲੋਕ 'ਅੱਲਾਹ' ਸ਼ਬਦ ਦੀ ਵਰਤੋਂ ਕਰ ਸਕਦੇ ਹਨ।''
ਨੋਟ- ਮਲੇਸ਼ੀਆ ਅਦਾਲਤ ਵੱਲੋਂ ਦਿੱਤੇ ਫ਼ੈਸਲੇ 'ਤੇ ਕੁਮੈਂਟ ਕਰ ਦਿਓ ਰਾਏ।