LPG ਦੀਆਂ ਕੀਮਤਾਂ 'ਚ ਭਾਰੀ ਉਛਾਲ! ਜਨਤਾ ਬੇਹਾਲ, Pak 'ਚ ਮਹਿੰਗਾਈ ਦੀ ਮਾਰ

Saturday, Mar 28, 2026 - 04:57 PM (IST)

LPG ਦੀਆਂ ਕੀਮਤਾਂ 'ਚ ਭਾਰੀ ਉਛਾਲ! ਜਨਤਾ ਬੇਹਾਲ, Pak 'ਚ ਮਹਿੰਗਾਈ ਦੀ ਮਾਰ

ਇਸਲਾਮਾਬਾਦ: ਪਾਕਿਸਤਾਨ 'ਚ ਰਸੋਈ ਗੈਸ (LPG) ਦੀਆਂ ਕੀਮਤਾਂ 'ਚ ਹੋਏ ਭਾਰੀ ਵਾਧੇ ਨੇ ਨਾਗਰਿਕਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ। ਪੱਛਮੀ ਏਸ਼ੀਆ 'ਚ ਚੱਲ ਰਹੇ ਸੰਘਰਸ਼ ਦੌਰਾਨ, 11.67 ਕਿਲੋਗ੍ਰਾਮ ਦੇ ਸਿਲੰਡਰ ਦੀ ਔਸਤ ਕੀਮਤ 3,150-3,968 ਰੁਪਏ ਤੋਂ ਵਧ ਕੇ 3,900-5,135 ਰੁਪਏ ਤੱਕ ਪਹੁੰਚ ਗਈ ਹੈ। ਪਾਕਿਸਤਾਨ ਬਿਊਰੋ ਆਫ ਸਟੈਟਿਸਟਿਕਸ (PBS) ਦੇ ਅੰਕੜਿਆਂ ਅਨੁਸਾਰ, ਕੀਮਤਾਂ 'ਚ ਸਭ ਤੋਂ ਵੱਧ ਵਾਧਾ ਪੰਜਾਬ ਸੂਬੇ ਦੇ ਵੱਖ-ਵੱਖ ਸ਼ਹਿਰਾਂ 'ਚ ਦਰਜ ਕੀਤਾ ਗਿਆ ਹੈ।

ਟਰਾਂਸਪੋਰਟ ਦੇ ਕਿਰਾਇਆ ਵਧਣ ਨਾਲ ਆਮ ਆਦਮੀ ਪਰੇਸ਼ਾਨ
ਗੈਸ ਦੀਆਂ ਕੀਮਤਾਂ 'ਚ ਹੋਏ ਵਾਧੇ ਦਾ ਸਿੱਧਾ ਅਸਰ ਜਨਤਕ ਤੇ ਨਿੱਜੀ ਟਰਾਂਸਪੋਰਟ 'ਤੇ ਪਿਆ ਹੈ। ਐੱਲਪੀਜੀ ਨਾਲ ਚੱਲਣ ਵਾਲੇ ਰਿਕਸ਼ਾ, ਬੱਸਾਂ ਤੇ ਮਿੰਨੀ ਬੱਸਾਂ ਦੇ ਕਿਰਾਏ ਵਧਣ ਕਾਰਨ ਘੱਟ ਤੇ ਦਰਮਿਆਨੀ ਆਮਦਨ ਵਾਲੇ ਮੁਸਾਫ਼ਰਾਂ 'ਤੇ ਵਾਧੂ ਵਿੱਤੀ ਬੋਝ ਪੈ ਰਿਹਾ ਹੈ।

ਸਪਲਾਈ 'ਚ ਕਮੀ ਤੇ ਭਵਿੱਖ ਦਾ ਖਤਰਾ
ਈਦ ਅਤੇ ਨੌਰੋਜ਼ ਦੀਆਂ ਛੁੱਟੀਆਂ ਕਾਰਨ ਈਰਾਨ ਤੋਂ ਆਉਣ ਵਾਲੀ ਗੈਸ ਸਪਲਾਈ, ਜੋ ਪਹਿਲਾਂ 10,000 ਤੋਂ 12,000 ਟਨ ਪ੍ਰਤੀ ਦਿਨ ਸੀ, 'ਚ ਵੱਡੀ ਗਿਰਾਵਟ ਆਈ ਹੈ। ਪਾਕਿਸਤਾਨ ਨੂੰ ਸਾਲਾਨਾ ਲਗਭਗ 20 ਲੱਖ ਟਨ LPG ਦੀ ਲੋੜ ਹੁੰਦੀ ਹੈ, ਜਿਸ 'ਚੋਂ 12 ਲੱਖ ਟਨ ਦਰਾਮਦ (Import) ਕੀਤੀ ਜਾਂਦੀ ਹੈ। ਮਾਹਿਰਾਂ ਅਨੁਸਾਰ, ਮਾਰਚ ਮਹੀਨੇ ਵਿੱਚ ਸਿਰਫ਼ ਤਿੰਨ ਜਹਾਜ਼ ਹੀ ਲਗਭਗ 20,000 ਟਨ LPG ਲੈ ਕੇ ਪਾਕਿਸਤਾਨ ਪਹੁੰਚੇ ਹਨ।

ਸਿਰਫ਼ 9 ਦਿਨਾਂ ਦਾ ਸਟਾਕ ਬਾਕੀ
ਦੇਸ਼ ਦੀ ਊਰਜਾ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ। ਰਿਪੋਰਟਾਂ ਅਨੁਸਾਰ, ਪਾਕਿਸਤਾਨ ਕੋਲ ਵਰਤਮਾਨ 'ਚ ਸਿਰਫ਼ 9 ਦਿਨਾਂ ਲਈ LPG, 11 ਦਿਨਾਂ ਲਈ ਕੱਚਾ ਤੇਲ ਤੇ 21 ਦਿਨਾਂ ਲਈ ਡੀਜ਼ਲ ਦਾ ਭੰਡਾਰ ਬਚਿਆ ਹੈ। ਪਾਕਿਸਤਾਨ ਆਪਣੀ ਪੈਟਰੋਲੀਅਮ ਦਰਾਮਦ ਦਾ 70 ਫੀਸਦੀ ਹਿੱਸਾ ਮੱਧ ਪੂਰਬ ਤੋਂ ਮੰਗਵਾਉਂਦਾ ਹੈ, ਜਿੱਥੇ ਚੱਲ ਰਹੇ ਸੰਘਰਸ਼ ਕਾਰਨ ਸਪਲਾਈ ਲਾਈਨਾਂ ਪ੍ਰਭਾਵਿਤ ਹੋਈਆਂ ਹਨ।

14 ਅਪ੍ਰੈਲ ਤੋਂ ਬਾਅਦ ਹੋਰ ਗੰਭੀਰ ਹੋ ਸਕਦਾ ਹੈ ਸੰਕਟ
ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ 14 ਅਪ੍ਰੈਲ ਤੋਂ ਬਾਅਦ ਦੇਸ਼ ਨੂੰ ਗੈਸ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਰਚ 'ਚ ਉਮੀਦ ਕੀਤੇ ਗਏ 8 ਐੱਲਐੱਨਜੀ (LNG) ਕਾਰਗੋ 'ਚੋਂ ਸਿਰਫ਼ ਦੋ ਹੀ ਪਾਕਿਸਤਾਨ ਪਹੁੰਚ ਸਕੇ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਗੈਸ ਦੀ ਕਿੱਲਤ ਹੋਰ ਵਧਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News