ਪਾਕਿ ''ਚ ਹੁਣ LPG ਗੈਸ ਦੀ ਕਿੱਲਤ, ਮਚਿਆ ਹਾਹਾਕਾਰ

12/24/2019 11:56:18 PM

ਇਸਲਾਮਾਬਾਦ - ਪਾਕਿਸਤਾਨ 'ਚ ਇਸ ਸਮੇਂ ਗੈਸ ਦੀ ਕਿੱਲਤ ਨਾਲ ਹਾਹਾਕਾਰ ਮਚੀ ਹੋਈ ਹੈ। ਘਰਾਂ 'ਚ ਭੋਜਨ ਪਕਾਉਣਾ ਮੁਸ਼ਕਿਲ ਹੋ ਰਿਹਾ ਹੈ ਅਤੇ ਉਦਯੋਗ ਠੱਪ ਪਏ ਹੋਏ ਹਨ। ਨਾਲ ਹੀ ਦੇਸ਼ 'ਚ ਸੀ. ਐੱਨ. ਜੀ. ਦੀ ਸਪਲਾਈ ਵੀ ਠੱਪ ਪਈ ਹੋਈ ਹੈ, ਜਿਸ ਨਾਲ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪਾਕਿਸਤਾਨੀ ਮੀਡੀਆ 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ਦੇਸ਼ 'ਚ 6 ਅਰਬ ਘਣ ਫੁੱਟ ਗੈਸ ਦੀ ਜ਼ਰੂਰਤ ਹੈ ਜਦਕਿ ਸਪਲਾਈ 4 ਅਰਬ ਘਣ ਫੁੱਟ ਦੀ ਹੋ ਰਹੀ ਹੈ।

ਪਾਕਿਸਾਤਨ 'ਚ ਰਸੋਈ 'ਚ ਕੰਮ ਆਉਣ ਵਾਲੀ ਗੈਸ ਦੀ ਸਪਲਾਈ ਘਰ-ਘਰ 'ਚ ਪਾਈਮ ਦੇ ਜ਼ਰੀਏ ਹੁੰਦੀ ਹੈ। ਸਰਦੀ ਦੇ ਮੌਸਮ 'ਚ ਦੇਸ਼ 'ਚ ਗੈਸ ਦੀ ਮੰਗ ਵਧ ਜਾਂਦੀ ਹੈ। ਇਸ ਦੇ ਬਾਵਜੂਦ ਮੰਗ ਦੇ ਹਿਸਾਬ ਨਾਲ ਗੈਸ ਦਾ ਇੰਤਜ਼ਾਮ ਸਮੇਂ 'ਤੇ ਨਹੀਂ ਕੀਤਾ ਗਿਆ। ਹੁਣ ਸਰਕਾਰ ਨੇ ਗੈਸ ਦਾ ਆਯਾਤ ਵਧਾਉਣ ਦੀ ਪਹਿਲ ਕੀਤੀ ਹੈ। ਹਾਲਾਤ ਇਹ ਹਨ ਕਿ ਕਰਾਚੀ ਅਤੇ ਲਾਹੌਰ 'ਚ 12-12 ਘੰਟਿਆਂ ਤੱਕ ਘਰਾਂ 'ਚ ਗੈਸ ਦੀ ਸਪਲਾਈ ਨਹੀਂ ਕੀਤੀ ਜਾ ਰਹੀ।

ਛੋਟੋ ਸ਼ਹਿਰਾਂ 'ਚ ਹਾਲਾਤ ਹੋਰ ਵੀ ਬੁਰੇ ਹਨ। ਦਿੱਕਤ ਇਸ ਕਾਰਨ ਹੋਰ ਵਧ ਗਈ ਹੈ ਕਿ ਜਿਸ ਗੈਸ ਦੀ ਸਪਲਾਈ ਹੋ ਰਹੀ ਹੈ, ਉਸ ਦਾ ਪ੍ਰੈਸ਼ਰ ਬਹੁਤ ਘੱਟ ਹੈ। ਹੀਟ ਤੇਜ਼ ਨਾ ਹੋਣ ਕਾਰਨ ਘਰਾਂ 'ਚ ਵੀ ਦਿੱਕਤ ਹੈ ਅਤੇ ਹੋਟਲਾਂ 'ਚ ਤੰਦੂਰ ਬੰਦ ਪਏ ਹਨ, ਜਿਸ ਨਾਲ ਹੋਟਲਾਂ 'ਚ ਖਾਣੇ 'ਤੇ ਨਿਰਭਰ ਲੋਕਾਂ ਦੀ ਮੁਸੀਬਤ ਵਧ ਗਈ ਹੈ। ਗੈਸ ਦੇ ਜ਼ਿਆਦਾ ਬਿੱਲ ਭਰਨ ਦੇ ਬਾਵਜੂਦ ਲੋਕ ਘਰਾਂ 'ਚ ਲੱਕੜ ਨਾਲ ਅੱਗ ਵਾਲ ਕੇ ਕੰਮ ਚਲਾ ਰਹੇ ਹਨ। ਦੇਸ਼ 'ਚ ਸੀ. ਐੱਨ. ਜੀ. ਸਟੇਸ਼ਨ ਵੀ ਬੰਦ ਪਏ ਹੋਏ ਹਨ। ਨਤੀਜਾ ਇਹ ਹੋਇਆ ਹੈ ਕਿ ਜਨਤਕ ਪਰਿਵਹਨ ਠੱਪ ਪੈ ਗਿਆ ਹੈ ਅਤੇ ਟ੍ਰੈਫਿਕ 'ਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Khushdeep Jassi

Content Editor

Related News