ਮਾਣ ਧੀਆਂ 'ਤੇ : ਇਟਲੀ 'ਚ ਨਵਾਂ ਸ਼ਹਿਰ ਦੀ ਲਵਪ੍ਰੀਤ ਕੌਰ ਨੇ ਰੌਸ਼ਨ ਕੀਤਾ ਭਾਰਤ ਦਾ ਨਾਂ

07/06/2020 1:44:52 PM

ਰੋਮ, (ਦਲਵੀਰ ਕੈਂਥ)- ਕਦੀ ਸਮਾਂ ਸੀ ਕਿ ਇਟਲੀ ਦੇ ਕਈ ਭਾਰਤੀਆਂ ਦਾ ਇਟਾਲੀਅਨ ਭਾਸ਼ਾ ਵਿਚ ਹੱਥ ਤੰਗ ਹੋਣ ਕਾਰਨ ਕੰਮ ਵਾਲੇ ਮਾਲਕ ਇਨ੍ਹਾਂ ਨੂੰ ਤੰਗ ਕਰਦੇ ਸਨ ਪਰ ਹੁਣ ਲੱਗਦਾ ਹੈ ਕਿ ਨਵੀਂ ਪੀੜੀ ਇਸ ਸਭ ਤੋਂ ਛੁਟਕਾਰਾ ਪਾਵੇਗੀ। ਜਦ ਤੋਂ ਇਟਲੀ ਵਿਚਭਾਰਤੀ ਬੱਚਿਆਂ ਨੇ ਸਕੂਲ-ਕਾਲਜਾਂ ਵਿਚ ਪੜ੍ਹਾਈ ਵਿੱਚੋਂ 100/100 ਨੰਬਰ ਲੈ ਕੇ ਨਵੇਂ ਰਿਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਉਦੋਂ ਤੋਂ  ਇਟਾਲੀਅਨ ਲੋਕ ਭਾਰਤੀ ਬੱਚਿਆਂ ਦੀਆਂ ਸਿਫ਼ਤਾਂ ਕਰਦੇ ਨਹੀਂ ਥੱਕਦੇ ।ਅਜਿਹੀ ਹੀ ਸਿਫ਼ਤ ਦਾ ਪਾਤਰ ਬਣੀ ਹੈ ਪੰਜਾਬ ਦੇ ਸ਼ਹਿਰ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦੀ ਜੰਮਪਲ ਧੀ ਲਵਪ੍ਰੀਤ ਕੌਰ ਪੁੱਤਰੀ ਜਸਦੀਸ਼ ਪੌੜਵਾਲ/ਜਸਵੰਤ ਕੌਰ ਜਿਹੜੀ ਕਿ ਸੰਨ 2014 ਵਿਚ ਹੀ ਇਟਲੀ ਦੇ ਸ਼ਹਿਰ ਇਮਪੋਲੀ (ਫਿਰੈਂਸੇ )ਆਈ । ਲਵਪ੍ਰੀਤ ਕੌਰ ਪਹਿਲਾਂ ਤੋਂ ਹੀ ਪੜ੍ਹਾਈ ਵਿਚ ਤੇਜ਼ ਸੀ ਜਿਸ ਕਾਰਨ ਇਸ ਨੇ ਆਪਣੀ ਪੜ੍ਹਾਈ ਰੁਕਣ ਨਹੀਂ ਦਿੱਤੀ ਤੇ 5 ਸਾਲਾਂ ਦੀ ਸਖ਼ਤ ਮਿਹਨਤ ਨਾਲ ਇਸ ਧੀ ਰਾਣੀ ਨੇ ਡੈਂਟਲ ਟੈਕਨੀਸ਼ੀਅਨ ਦੇ ਕੋਰਸ ਵਿੱਚੋਂ 100/100 ਨੰਬਰ ਹਾਸਲ ਕਰਕੇ ਆਪਣੇ ਪਰਿਵਾਰ ਸਮੇਤ ਪੂਰੇ ਭਾਰਤ ਦਾ ਨਾਮ ਇਟਲੀ ਵਿਚ ਚਮਕਾਇਆ ਹੈ । 

PunjabKesari

ਲਵਪ੍ਰੀਤ ਨੇ ਇਟਲੀ ਦੇ ਵਿੱਦਿਆਕ ਖੇਤਰ ਵਿਚ ਨਵੀਂਆਂ ਪੈੜਾਂ ਪਾ ਕੇ ਭਾਰਤੀ ਭਾਈਚਾਰੇ ਦਾ ਇਟਲੀ ਭਰ ਵਿਚ ਮਾਣ ਵਧਾਇਆ ਹੈ, ਜਿਸ ਕਾਰਨ ਇਮਪੋਲੀ ਦਾ ਸਮੁੱਚਾ ਭਾਈਚਾਰਾ ਜਸਦੀਸ਼ ਪੌੜਵਾਲ /ਜਸਵੰਤ ਕੌਰ ਨੂੰ ਵਿਸ਼ੇਸ਼ ਮੁਬਾਰਕਾਂ ਦੇ ਰਿਹਾ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਲਵਪ੍ਰੀਤ ਕੌਰ ਨੇ ਕਿਹਾ ਕਿ ਇਕ ਕਾਬਲ ਸਿੱਖਿਆਰਥੀ ਹੋਣ ਨਾਤੇ ਉਸ ਨੂੰ ਜਿੱਥੇ ਸਰਕਾਰ ਵੱਲੋਂ ਵਿਸ਼ੇਸ਼ ਵਜੀਫਾ ਮਿਲ ਰਿਹਾ ਹੈ, ਉੱਥੇ ਹੀ ਯੂਰਪ ਤੇ ਫਰਾਂਸ ਦੀ ਪਾਰਲੀਮੈਂਟ ਵਿਚ ਵੀ ਜਾਣ ਦਾ ਮੌਕਾ ਮਿਲਿਆ ਹੈ। ਉਸ ਨੂੰ ਆਪਣੇ ਅਧਿਆਪਕਾਂ ਵੱਲੋਂ ਬਹੁਤ ਹੀ ਪਿਆਰ ਮਿਲਿਆ ਹੈ।ਲਵਪ੍ਰੀਤ ਕੌਰ ਨੇ ਕਿਹਾ ਜਿਸ ਤਰ੍ਹਾਂ ਭਾਰਤੀ ਬੱਚੇ ਹੋਰ ਦੇਸ਼ਾਂ ਵਿੱਚ ਪੜ੍ਹਾਈ ਦੇ ਖੇਤਰ ਵਿੱਚ ਮੱਲ੍ਹਾਂ ਮਾਰਦੇ ਹਨ, ਉਸ ਤਰ੍ਹਾਂ ਹੀ ਇਟਲੀ ਵਿੱਚ ਆਏ ਭਾਰਤੀ ਬੱਚੇ ਵੀ ਵਿੱਦਿਆਦਕ ਖੇਤਰ ਵਿਚ ਜ਼ਰੂਰ ਅੱਗੇ ਆਉਣ ਤਾਂ ਜੋ ਭਾਰਤੀ ਭਾਈਚਾਰੇ ਦੇ ਮਾਣ-ਸਨਮਾਨ ਨੂੰ ਹੋਰ ਵਧਾਇਆ ਜਾ ਸਕੇ। ਇਸ ਮੌਕੇ ਲਵਪ੍ਰੀਤ ਕੌਰ ਦੀ ਮਾਤਾ ਬੀਬੀ ਜਸਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਧੀਆਂ ਹਨ ਜਿਨ੍ਹਾਂ ਨੂੰ ਵੱਧ ਤੋਂ ਵੱਧ ਪੜ੍ਹਾ ਕੇ ਕਾਮਯਾਬ ਬਣਾਉਣਾ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੈ ।ਲਵਪ੍ਰੀਤ ਕੌਰ ਜਦੋਂ ਸੰਨ 2014 ਵਿੱਚ ਇਟਲੀ ਆਈ ਸੀ ਤਾਂ ਉਸ ਨੇ ਸਿਰਫ਼ 6 ਮਹੀਨਿਆਂ ਵਿੱਚ ਹੀ ਇਸ ਤਰ੍ਹਾਂ ਇਟਾਲੀਅਨ ਭਾਸ਼ਾ ਬੋਲਣੀ ਤੇ ਪੜ੍ਹਨੀ ਸ਼ੁਰੂ ਕਰ ਦਿੱਤੀ ਸੀ ਜਿਵੇਂ ਕਿ ਉਹ ਇਟਲੀ ਦੀ ਜੰਮਪਲ ਹੋਵੇ। ਇਸ ਕੁੜੀ ਨੂੰ ਹੋਰ ਬੱਚਿਆਂ ਵਾਂਗਰ ਇਟਾਲੀਅਨ ਸਿੱਖਣ ਲਈ ਕੋਈ ਵੱਖਰੀ ਟਿਊਸ਼ਨ ਨਹੀਂ ਲੈਣੀ ਪਈ।

ਲਵਪ੍ਰੀਤ ਕੌਰ ਦੇ ਪੜ੍ਹਾਈ ਵਿੱਚ ਪਹਿਲਾ ਸਥਾਨ ਹਾਸਲ ਕਰਨ ਤੇ ਇਟਲੀ ਦੇ ਪ੍ਰਸਿੱਧ ਪੰਜਾਬੀ ਬੁੱਧੀਜੀਵੀ ਹਰਜਿੰਦਰ ਸਿੰਘ ਹੀਰਾ ਨੇ ਕਿਹਾ ਕਿ ਇਸ ਧੀ ਰਾਣੀ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਜਿਸ ਤਰ੍ਹਾਂ ਆਪਣੀ ਪੜ੍ਹਾਈ ਵਿੱਚੋ ਪਹਿਲਾਂ ਸਥਾਨ ਹਾਸਲ ਕੀਤਾ ਉਸ ਮੁਕਾਮ ਉਪੱਰ ਪਹੁੰਚਣਾ ਇਟਾਲੀਅਨ ਬੱਚਿਆਂ ਲਈ ਵੀ ਕੋਈ ਸੌਖਾ ਕੰਮ ਨਹੀਂ ਪਰ ਲਵਪ੍ਰੀਤ ਕੌਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੇ ਹੁਣ ਇਟਲੀ ਦੇ ਵਿੱਦਿਅਦਕ ਖੇਤਰਾਂ ਵਿਚ ਨਵੇਂ ਰਿਕਾਰਡ ਬਣਾਉਣ ਦਾ ਆਗਾਜ਼ ਕਰ ਦਿੱਤਾ ਹੈ । ਹਰਜਿੰਦਰ ਸਿੰਘ ਹੀਰਾ (ਜਿਨ੍ਹਾਂ ਪੰਜਾਬੀਆਂ ਨੂੰ ਇਟਾਲੀਅਨ ਭਾਸ਼ਾ ਸਿਖਾਉਣ ਲਈ 3 ਇਟਾਲੀਅਨ ਤੋਂ ਪੰਜਾਬੀ ਕਿਤਾਬਾਂ ਤੇ ਇੱਕ ਡਿਕਸ਼ਨਰੀ ਵੀ ਲਿਖੀ ਹੈ )ਸੈਂਕੜੇ ਇਟਾਲੀਅਨਾਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਵਾਲੇ ਪਹਿਲੇ ਪੰਜਾਬੀ ਹਨ, ਜਿਸ ਲਈ ਇਨ੍ਹਾਂ ਨੂੰ ਸਨਮਾਨਿਆ ਵੀ ਜਾ ਚੁੱਕਾ ਹੈ।


Lalita Mam

Content Editor

Related News