ਆਸਟ੍ਰੇਲੀਆ 'ਚ 13 ਸਾਲਾਂ ਤੋਂ ਲਾਪਤਾ ਪੰਜਾਬੀ, ਭਾਰਤ ਰਹਿੰਦੇ ਮਾਪੇ ਅਜੇ ਵੀ ਕਰ ਰਹੇ ਨੇ ਉਡੀਕਾਂ
Wednesday, Mar 14, 2018 - 12:01 PM (IST)

ਵਿਕਟੋਰੀਆ— ਵਿਦੇਸ਼ਾਂ 'ਚ ਪੰਜਾਬੀਆਂ ਦੇ ਲਾਪਤਾ ਅਤੇ ਕਤਲ ਕੀਤੇ ਜਾਣ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਕਈ ਵਾਰ ਵਿਦੇਸ਼ਾਂ 'ਚ ਕਮਾਈਆਂ ਕਰਨ ਗਏ ਪੁੱਤਰ ਮਾਪਿਆਂ ਦੀਆਂ ਅੱਖਾਂ ਤੋਂ ਸਦਾ ਲਈ ਦੂਰ ਹੋ ਜਾਂਦੇ ਹਨ ਅਤੇ ਮਾਂਵਾਂ ਆਪਣੇ ਪੁੱਤਰਾਂ ਨੂੰ ਉਡੀਕਦੀਆਂ ਰਹਿ ਜਾਂਦੀਆਂ ਹਨ। ਕੋਈ ਲਾਪਤਾ ਹੋ ਜਾਂਦਾ ਹੈ ਤਾਂ ਪੁਲਸ ਵੀ ਉਨ੍ਹਾਂ ਦੀ ਭਾਲ ਕਰਦੀ-ਕਰਦੀ ਥੱਕ ਜਾਂਦੀ ਹੈ। ਅਖੀਰ ਪੁਲਸ ਨੂੰ ਜਨਤਾ ਦੀ ਮਦਦ ਮੰਗਣੀ ਪੈਂਦੀ ਹੈ। ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਲਵਪ੍ਰੀਤ ਚੀਮਾ ਨਾਂ ਦਾ ਪੰਜਾਬੀ 2005 ਤੋਂ ਲਾਪਤਾ ਹੈ, ਉਦੋਂ ਤੋਂ ਉਸ ਦਾ ਆਪਣੇ ਮਾਪਿਆਂ ਨਾਲ ਸੰਪਰਕ ਨਹੀਂ ਹੋ ਸਕਿਆ।
ਵਿਕਟੋਰੀਆ ਪੁਲਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ 39 ਸਾਲਾ ਲਵਪ੍ਰੀਤ ਚੀਮਾ ਆਸਟ੍ਰੇਲੀਆ 'ਚ ਪੜ੍ਹਾਈ ਕਰਦਾ ਸੀ ਅਤੇ ਲਾਪਤਾ ਹੋਣ ਤੋਂ ਪਹਿਲਾਂ ਉਹ ਪ੍ਰਿੰਸੇਸ ਸਟਰੀਟ, ਕੇਊ ਵਿਖੇ ਰਹਿੰਦਾ ਸੀ ਅਤੇ ਓਕਲੇ 'ਚ ਕੰਮ ਕਰਦਾ ਸੀ। ਲਵਪ੍ਰੀਤ ਦਾ 2005 ਤੋਂ ਬਾਅਦ ਭਾਰਤ 'ਚ ਰਹਿੰਦੇ ਆਪਣੇ ਮਾਪਿਆਂ ਨਾਲ ਕੋਈ ਸੰਪਰਕ ਨਹੀਂ ਹੋਇਆ। ਉਸ ਦੇ ਲਾਪਤਾ ਹੋਣ ਦੀ ਰਿਪੋਰਟ 2015 'ਚ ਕੀਤੀ ਗਈ ਸੀ।
ਇੰਨੇ ਲੰਮੇ ਸਮੇਂ ਤੋਂ ਲਾਪਤਾ ਹੋਣ ਕਾਰਨ ਲਵਪ੍ਰੀਤ ਦੇ ਮਾਪੇ ਉਸ ਦੇ ਹਲਾਤਾਂ ਬਾਰੇ ਗੰਭੀਰ ਚਿੰਤਾ ਵਿਚ ਹਨ। ਤਕਰੀਬਨ 13 ਸਾਲਾਂ ਬਾਅਦ ਵੀ ਪੁਲਸ ਉਸ ਨੂੰ ਲੱਭਣ 'ਚ ਅਸਫਲ ਰਹੀ ਅਤੇ ਅਖੀਰ ਪੁਲਸ ਵਲੋਂ ਉਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਭਾਲ ਲਈ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਹੈ। ਪੁਲਸ ਨੇ ਉਸ ਦੀ ਪਛਾਣ ਦੱਸਦੇ ਹੋਏ ਕਿਹਾ ਕਿ ਉਹ 173 ਸੈਂਟੀਮੀਟਰ ਲੰਬਾ ਅਤੇ ਪਤਲਾ ਹੈ। ਉਸ ਦੇ ਵਾਲ ਕਾਲੇ ਅਤੇ ਅੱਖਾਂ ਦਾ ਰੰਗ ਭੂਰਾ ਹੈ। ਵਿਕਟੋਰੀਆ ਪੁਲਸ ਦਾ ਕਹਿਣਾ ਹੈ ਕਿ ਜਿਸ ਕਿਸੇ ਨੂੰ ਵੀ ਲਵਪ੍ਰੀਤ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਉਹ ਸਾਨੂੰ ਸੂਚਿਤ ਕਰਨ।