ਲਾਸ ਏਂਜਲਸ ''ਚ ਗੈਰ-ਕਾਨੂੰਨੀ ਪਾਰਟੀ ਕਰਦੇ 158 ਲੋਕ ਗ੍ਰਿਫ਼ਤਾਰ

12/09/2020 10:00:55 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਸਮੂਹਿਕ ਇਕੱਠ ਅਤੇ ਪਾਰਟੀਆਂ ਆਦਿ ਕਰਨ 'ਤੇ ਪਾਬੰਦੀਆਂ ਲਗਾਈਆਂ ਹੋਈਆਂ ਹਨ।ਇਸ ਲਈ ਅਧਿਕਾਰੀਆਂ ਵਲੋਂ ਇਸ ਸੰਕਟ ਦੇ ਸਮੇਂ ਹੁੰਦੀਆਂ ਗੈਰ-ਕਾਨੂੰਨੀ ਪਾਰਟੀਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਲਾਸ ਏਂਜਲਸ ਕਾਉਂਟੀ ਦੇ ਸ਼ੈਰਿਫ ਨੇ ਪਾਮਡੇਲ ਵਿਚ ਇਕ ਅੰਡਰਗ੍ਰਾਉਂਡ ਪਾਰਟੀ ਨੂੰ ਬੰਦ ਕਰਨ ਦੇ ਨਾਲ 158 ਗ੍ਰਿਫ਼ਤਾਰੀਆਂ ਦਾ ਵੀ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਇਸ ਪਾਰਟੀ ਵਿੱਚੋਂ ਹਥਿਆਰ , ਨਸ਼ੇ ਅਤੇ ਮਨੁੱਖੀ ਤਸਕਰੀ ਲਈ ਲਿਆਂਦੀ ਇਕ ਨਾਬਾਲਗ ਕੁੜੀ ਵੀ ਬਰਾਮਦ ਕੀਤੀ ਹੈ। 


ਸ਼ੈਰਿਫ ਲੈਕਸ ਵਿਲੇਨੁਏਵਾ ਅਨੁਸਾਰ ਗਵਰਨਰ ਦੇ ਸਿਹਤ ਸੰਬੰਧੀ ਨਿਯਮਾਂ ਨੂੰ ਤੋੜਨ ਵਾਲੀ ਇਸ ਪਾਰਟੀ ਨੂੰ ਅਧਿਕਾਰੀਆਂ ਨੇ ਸ਼ਨੀਵਾਰ ਰਾਤ ਨੂੰ ਇਕ ਖਾਲੀ ਘਰ ਵਿਚ ਦਾਖ਼ਲ ਹੋ ਕੇ ਬੰਦ ਕਰਦਿਆਂ ਕਾਰਵਾਈ ਕੀਤੀ ਹੈ। ਵਿਲੇਨੁਏਵਾ ਨੇ ਜਾਣਕਾਰੀ ਦਿੱਤੀ ਕਿ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਤੋਂ ਛੇ ਹਥਿਆਰ ਬਰਾਮਦ ਕੀਤੇ ਅਤੇ ਇਕ 17 ਸਾਲਾ ਕੁੜੀ ਨੂੰ ਤਸਕਰੀ ਤੋਂ ਬਚਾਇਆ ਹੈ ਜਦਕਿ ਅਧਿਕਾਰੀਆਂ ਨੇ 120 ਬਾਲਗਾਂ ਅਤੇ 38 ਨਾਬਾਲਗਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਨੇ ਚਿਹਰੇ 'ਤੇ ਮਾਸਕ ਵੀ ਨਹੀਂ ਪਾਏ ਸਨ ਅਤੇ ਬਾਅਦ ਵਿਚ ਵਾਇਰਸ ਤੋਂ ਬਚਾਅ ਲਈ ਪੁਲਸ ਵਲੋਂ ਉਨ੍ਹਾਂ ਨੂੰ ਮਾਸਕ ਪਹਿਨਣ ਲਈ ਦਿੱਤੇ ਗਏ।

 ਸੂਬੇ ਦੇ ਗਵਰਨਰ ਗੈਵਿਨ ਨਿਊਸਮ ਵਲੋਂ ਕਈ ਖੇਤਰਾਂ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਨੂੰ ਰੋਕਣ ਦੀ ਉਮੀਦ ਵਿਚ ਕਈ ਹੁਕਮਲਾਗੂ ਕੀਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਨ ਅਤੇ ਵਾਇਰਸ ਦੇ ਖ਼ਤਰੇ ਨੂੰ ਘੱਟ ਕਰਨ ਦੇ ਮੰਤਵ ਲਈ ਇਸ ਪਾਰਟੀ 'ਤੇ ਅਧਿਕਾਰੀਆਂ ਦੁਆਰਾ ਕਾਰਵਾਈ ਕੀਤੀ ਗਈ ਹੈ।
 


Sanjeev

Content Editor

Related News