ਲੰਬੀ ਉਡੀਕ ਖਤਮ: ਨਵਾਂ ਪਟੋਲੋ ਬ੍ਰਿਜ ਆਵਾਜਾਈ ਲਈ ਖੋਲ੍ਹਿਆ
Thursday, Dec 25, 2025 - 01:10 PM (IST)
ਵੈਨਕੂਵਰ, (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਤੋਂ ਵੈਸਟ ਮਨਿਸਟਰ ਤੇ ਵੈਨਕੂਵਰ ਨੂੰ ਜਾਣ ਵਾਲੇ ਰਾਹਗੀਰਾਂ ਨੂੰ ਅਕਸਰ ਪੇਸ਼ ਆਉਂਦੀਆਂ ਟਰੈਫਿਕ ਸਮੱਸਿਆਵਾ ਦਾ ਕਾਫੀ ਹੱਦ ਤੱਕ ਹੱਲ ਹੋਣ ਦੀ ਆਸ ਬੱਝੀ ਹੈ ਕਿਉਂਕਿ ਲੰਬੇ ਸਮੇਂ ਤੋਂ ਉਡੀਕ ਕੀਤੇ ਜਾ ਰਹੇ ਪੈਟੂਲੋ ਬ੍ਰਿਜ਼ ਦੇ ਨਵੇਂ ਬਦਲ ’ਤੇ ਅੱਜ ਆਖ਼ਿਰਕਾਰ ਇੱਕ ਉੱਤਰ ਵੱਲ ਜਾਣ ਵਾਲੀ ਲੇਨ ਟ੍ਰੈਫ਼ਿਕ ਲਈ ਖੋਲ੍ਹ ਦਿੱਤੀ ਗਈ ਹੈ। ਇਹ ਕਦਮ ਪੁਲ ਦੇ ਤਬਕਾਵਾਰ ਖੋਲ੍ਹੇ ਜਾਣ ਦੀ ਪ੍ਰਕਿਰਿਆ ਦਾ ਪਹਿਲਾ ਪੜਾਅ ਮੰਨਿਆ ਜਾ ਰਿਹਾ ਹੈ।
ਇਸ ਲੇਨ ਦੇ ਖੁੱਲ੍ਹਣ ਨਾਲ ਸਰੀ ਤੋਂ ਨਿਊ ਵੈਸਟਮਿਨਸਟਰ ਵੱਲ ਫ੍ਰੇਜ਼ਰ ਦਰਿਆ ਪਾਰ ਕਰਨ ਵਾਲੇ ਵਾਹਨਾਂ ਨੂੰ ਸਿੱਧਾ ਨਵੇਂ ਪੁਲ ਰਾਹੀਂ ਗੁਜ਼ਰਣ ਦੀ ਸਹੂਲਤ ਮਿਲੇਗੀ। ਅਧਿਕਾਰੀਆਂ ਮੁਤਾਬਕ ਆਉਣ ਵਾਲੇ ਹਫ਼ਤਿਆਂ ਵਿੱਚ ਟ੍ਰੈਫ਼ਿਕ ਨੂੰ ਹੌਲੀ-ਹੌਲੀ ਹੋਰ ਲੇਨਾਂ ’ਤੇ ਤਬਦੀਲ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੁਰਾਣਾ ਪੈਟੂਲੋ ਬ੍ਰਿਜ਼ ਲੰਮੇ ਸਮੇਂ ਤੋਂ ਟ੍ਰੈਫ਼ਿਕ ਦਬਾਅ ਅਤੇ ਸੁਰੱਖਿਆ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰਦਾ ਆ ਰਿਹਾ ਸੀ।
