ਕੰਪਨੀ ਨੇ ਔਰਤ ਨੂੰ 1 ਘੰਟੇ ਦੀ ਛੁੱਟੀ ਦੇਣ ਤੋਂ ਕੀਤਾ ਇਨਕਾਰ, ਹੁਣ ਦੇਣਾ ਪਵੇਗਾ 2 ਕਰੋੜ ਦਾ ਮੁਆਵਜ਼ਾ
Friday, Sep 10, 2021 - 05:14 PM (IST)
ਬ੍ਰਿਟੇਨ- ਛੋਟੇ ਬੱਚਿਆਂ ਦੀਆਂ ਮਾਵਾਂ ਲਈ ਨੌਕਰੀ ਕਰਨਾ ਸੌਖਾ ਨਹੀਂ ਹੁੰਦਾ ਹੈ। ਉਨ੍ਹਾਂ ਨੂੰ ਕੰਮ ਦੇ ਨਾਲ-ਨਾਲ ਬੱਚਿਆਂ 'ਤੇ ਵੀ ਧਿਆਨ ਦੇਣਾ ਪੈਂਦਾ ਹੈ ਪਰ ਜ਼ਿਆਦਾਤਰ ਕੰਪਨੀਆਂ ਔਰਤਾਂ ਦੀ ਇਸ ਸਮੱਸਿਆ ਨੂੰ ਨਹੀਂ ਸਮਝਦੀਆਂ। ਇਸੇ ਤਰ੍ਹਾਂ ਦਾ ਇਕ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਮਹਿਲਾ ਕਰਮਚਾਰੀ ਨੂੰ ਇਕ ਬ੍ਰਿਟਿਸ਼ ਕੰਪਨੀ ਨੇ ਦਿਨ ਵਿਚ 1 ਘੰਟੇ ਦੀ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸਦੇ ਲਈ ਕੰਪਨੀ ਨੂੰ ਔਰਤ ਨੂੰ ਉਸ ਦੇ ਸਾਲਾਨਾ ਪੈਕੇਜ ਤੋਂ ਜ਼ਿਆਦਾ ਮੁਆਵਜ਼ਾ ਦੇਣਾ ਪਿਆ।
ਇਹ ਵੀ ਪੜ੍ਹੋ: ਤਾਲਿਬਾਨੀ ਲੜਾਕਿਆਂ ਨੇ ਅਮਰੀਕੀ ਫ਼ੌਜ ਦੇ ਜਹਾਜ਼ ’ਤੇ ਪਾਈ ਪੀਂਘ, ਝੂਟੇ ਲੈਂਦਿਆਂ ਦੀ ਵੀਡੀਓ ਵਾਇਰਲ
ਡੇਲੀ ਮੇਲ ਦੀ ਰਿਪੋਰਟ ਅਨੁਸਾਰ, ਐਲਿਸ ਥਾਮਸਨ ਲੰਡਨ ਸਥਿਤ ਇਕ ਰੀਅਲ ਅਸਟੇਟ ਕੰਪਨੀ ਵਿਚ ਵਿਕਰੀ ਮੈਨੇਜਰ ਸੀ। ਉਸਦੀ ਇਕ ਛੋਟੀ ਬੱਚੀ ਹੈ। ਅਜਿਹੀ ਸਥਿਤੀ ਵਿਚ ਉਸ ਨੇ ਆਪਣੀ ਕੰਪਨੀ ਤੋਂ ਹਫ਼ਤੇ ਵਿਚ 4 ਦਿਨ ਸ਼ਾਮ 6 ਦੀ ਬਜਾਏ ਸ਼ਾਮ 5 ਵਜੇ ਤੱਕ ਕੰਮ ਕਰਨ ਦੀ ਇਜਾਜ਼ਤ ਮੰਗੀ ਸੀ। ਕੰਪਨੀ ਨੇ ਉਸ ਦੀ ਮੰਗ ਨੂੰ ਖਾਰਜ ਕਰ ਦਿੱਤਾ ਸੀ। ਐਲਿਸ ਥਾਮਸਨ ਨੇ ਬੌਸ ਨੂੰ ਆਪਣੀ ਸਮੱਸਿਆ ਬਾਰੇ ਦੱਸਿਆ ਅਤੇ ਕਿਹਾ ਕਿ ਉਸ ਦੀ ਇੱਕ ਛੋਟੀ ਬੱਚੀ ਹੈ, ਜਿਸ ਨੂੰ ਉਹ ਚਾਈਲਡ ਕੇਅਰ ਵਿਚ ਛੱਡਦੀ ਹੈ। ਕਿਉਂਕਿ ਇਹ ਚਾਈਲਡ ਕੇਅਰ ਸ਼ਾਮ 5 ਵਜੇ ਬੰਦ ਹੋ ਜਾਂਦਾ ਹੈ, ਅਜਿਹੇ ਵਿਚ ਉਸ ਨੂੰ ਹਫ਼ਤੇ ਵਿਚ 4 ਦਿਨ ਇਕ ਘੰਟਾ ਪਹਿਲਾਂ ਛੁੱਟੀ ਦਿੱਤੀ ਜਾਵੇ। ਥਾਮਸਨ ਦੀ ਦਲੀਲ ਨੂੰ ਰੱਦ ਕਰਦਿਆਂ, ਬੌਸ ਨੇ ਸਪੱਸ਼ਟ ਕਰ ਦਿੱਤਾ ਕਿ ਇਕ ਘੰਟਾ ਪਹਿਲਾਂ ਕੰਮ ਪੂਰਾ ਕਰਨਾ ਇਕ ਪਾਰਟ-ਟਾਈਮ ਨੌਕਰੀ ਮੰਨਿਆ ਜਾਵੇਗਾ ਅਤੇ ਉਸ ਨੂੰ ਅਜਿਹੀ ਛੁੱਟੀ ਨਹੀਂ ਦਿੱਤੀ ਜਾਏਗੀ। ਕੰਪਨੀ ਦੇ ਇਨਕਾਰ ਤੋਂ ਬਾਅਦ, ਐਲਿਸ ਥਾਮਸਨ ਨੂੰ ਆਪਣੀ ਨੌਕਰੀ ਛੱਡਣੀ ਪਈ।
ਇਹ ਵੀ ਪੜ੍ਹੋ: ਸਾਨੂੰ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਦੀ ਕਾਹਲੀ ਨਹੀਂ : ਅਮਰੀਕਾ
ਇਸ ਮਗਰੋਂ ਐਲਿਸ ਥਾਮਸਨ ਨੇ ਰੁਜ਼ਗਾਰ ਟ੍ਰਿਬਿਊਨਲ ਕੋਲ ਕੰਪਨੀ 'ਤੇ ਲਿੰਗ ਭੇਦਭਾਵ ਦਾ ਦੋਸ਼ ਲਾਉਂਦਿਆਂ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਉਸ ਦੀ ਧੀ ਨੂੰ ਉਹ ਦੁੱਖ ਝੱਲਣੇ ਪੈਣ ਜੋ ਉਸ ਨੂੰ ਝੱਲਣੇ ਪਏ। ਟ੍ਰਿਬਿਊਨਲ ਨੇ ਐਲਿਸ ਥਾਮਸਨ ਦੀਆਂ ਦਲੀਲਾਂ ਨੂੰ ਸਵੀਕਾਰ ਕਰਦੇ ਹੋਏ ਕੰਪਨੀ ਦੇ ਵਿਵਹਾਰ ਨੂੰ ਗੈਰ ਜ਼ਿੰਮੇਵਾਰਾਨਾ ਮੰਨਿਆ ਅਤੇ ਮੁਆਵਜ਼ੇ ਵਜੋਂ 181,000 ਪੌਂਡ ਯਾਨੀ ਲਗਭਗ 2 ਕਰੋੜ ਰੁਪਏ ਅਦਾ ਕਰਨ ਦੇ ਹੁਕਮ ਦਿੱਤੇ। ਟ੍ਰਿਬਿਊਨਲ ਨੇ ਆਪਣੇ ਫ਼ੈਸਲੇ ਵਿਚ ਸਪੱਸ਼ਟ ਕਿਹਾ ਕਿ ਨਰਸਰੀ ਆਮ ਤੌਰ 'ਤੇ ਸ਼ਾਮ 5 ਵਜੇ ਬੰਦ ਹੁੰਦੀ ਹੈ, ਇਸ ਲਈ ਮਾਂ ਨੂੰ ਸ਼ਾਮ 6 ਵਜੇ ਤੱਕ ਕੰਮ ਕਰਨ ਲਈ ਮਜ਼ਬੂਰ ਕਰਨਾ ਪੂਰੀ ਤਰ੍ਹਾਂ ਗ਼ਲਤ ਹੈ।
ਇਹ ਵੀ ਪੜ੍ਹੋ: ਭਾਰਤ ਦੀ ਤਬਾਹੀ ਲਈ 200 ਪ੍ਰਮਾਣੂ ਬੰਬ, ਮਿਜ਼ਾਈਲਾਂ ਬਣਾਉਣ ’ਚ ਜੁਟਿਆ ਪਾਕਿਸਤਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।